ਸਮੱਗਰੀ 'ਤੇ ਜਾਓ

ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਸੁਖਦ ਅਹਿਸਾਸ

ਸ. ਉਜਾਗਰ ਸਿੰਘ ਜੀ ਦਾ ਜਨਮ 1908 ਈ. ਵਿਚ ਚੱਕ ਨੰਬਰ 233 ਜ਼ਿਲ੍ਹਾ ਲਾਇਲਪੁਰ, ਤਹਿਸੀਲ ਜੜ੍ਹਾਂਵਾਲਾ, (ਹੁਣ ਪਾਕਿਸਤਾਨ) ਵਿਖੇ ਪਿਤਾ ਸ. ਬਚਨ ਸਿੰਘ ਤੇ ਮਾਤਾ ਨੰਦ ਕੌਰ ਦੇ ਘਰ ਹੋਇਆ। ਇਹ ਦੋ ਭਰਾ ਤੇ ਇਕ ਭੈਣ ਸਨ। ਆਪ ਵੱਡੇ ਪੁੱਤਰ ਸਨ। ਬਾਲ ਉਮਰੇ ਮਾਂ ਦਾ ਸਾਇਆ ਸਿਰੋਂ ਲਹਿ ਗਿਆ ਸੀ। ਨਿੱਕੇ ਬੱਚਿਆਂ ਦੀ ਪਾਲਣਾ ਪਿਤਾ ਜੀ ਦੀ ਦੇਖ-ਰੇਖ ਹੇਠ ਹੀ ਹੋਈ।

ਇਹਨਾਂ ਦੇ ਦਾਦਾ ਜੀ ਸਰਦਾਰ ਅਜੀਤ ਸਿੰਘ ਫ਼ੌਜ ਵਿਚ ਨੌਕਰ ਸਨ ਜਿਹਨਾਂ ਦੀ ਬਹਾਦਰੀ ਵੇਖ ਕੇ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ 233 ਚੱਕ ਵਿਚ ਦੋ ਮੁਰੱਬੇ ਜ਼ਮੀਨ ਅਲਾਟ ਕਰ ਦਿੱਤੀ ਸੀ। ਜੱਦੀ ਪਿੰਡ ਚੌਂਦਾ ਜ਼ਿਲ੍ਹਾ ਸੰਗਰੂਰ ਸੀ। ਜ਼ਮੀਨ ਮਿਲਣ ਕਰਕੇ ਉਹ ਬਾਰ ਵਿਚ ਚਲੇ ਗਏ ਅਤੇ ਪੱਕੇ ਤੌਰ ’ਤੇ ਵੱਸ ਗਏ। ਮੇਰੇ ਦਾਦਾ ਜੀ (ਇਹਨਾਂ ਦੇ ਪਿਤਾ) ਸ. ਬਚਨ ਸਿੰਘ ਚੰਗੀ ਸੂਝ-ਸਿਆਣਪ ਵਾਲੇ ਸਨ। ਉਹਨਾਂ ਨੇ ਆਪਣੇ ਪੁੱਤਰ ਸ. ਉਜਾਗਰ ਸਿੰਘ ਨੂੰ ਪੜ੍ਹਣ ਵੱਲ ਪ੍ਰੇਰਿਆ। ਸਰਕਾਰੀ ਹਾਈ ਸਕੂਲ ਜੜ੍ਹਾਂਵਾਲੇ ਦੇ ਬੋਰਡਿੰਗ ਹਾਊਸ ਵਿਚ ਰਹਿ ਕੇ ਇਹਨਾਂ ਨੇ ਦਸਵੀਂ ਪਾਸ ਕੀਤੀ। ਇਸ ਪਿਛੋਂ ਇਹਨਾਂ ਨੂੰ ਮਹਿੰਦਰਾ ਕਾਲਜ, ਪਟਿਆਲਾ ਵਿਖੇ ਐਫ.ਐਸ-ਸੀ. ਕਰਨ ਲਈ ਦਾਖ਼ਲ ਕਰਵਾ ਦਿੱਤਾ। ਪਰ ਦੋ-ਤਿੰਨ ਮਹੀਨਿਆਂ ਬਾਅਦ ਹੀ ਟਾਈਫੈਡ ਬੁਖ਼ਾਰ ਚੜ੍ਹਣ ਕਾਰਨ ਹਟਾ ਲਿਆ ਗਿਆ ਤੇ ਮੁੜ ਪਿੰਡ ਆ ਗਏ। ਇਹ ਪੜ੍ਹਣ ਵਿਚ ਹੁਸ਼ਿਆਰ ਸਨ ਤੇ ਪੜ੍ਹਣ ਦੀ ਲਗਨ ਵੀ ਸੀ। ਫਿਰ ਇਹਨਾਂ ਨੂੰ ਤਿੰਨ ਸਾਲ ਦੇ ਫਾਰਮਾਸਿਸਟ ਦੇ ਕੋਰਸ ਵਿਚ ਦਾਖ਼ਲ ਕਰਵਾ ਦਿੱਤਾ। ਕੋਰਸ ਕਰਨ ਉਪਰੰਤ ਇਹਨਾਂ ਦੀ ਨਿਯੁਕਤੀ ਜੂਨੀਅਰ ਡਾਕਟਰ ਵਜੋਂ ਸਰਕਾਰੀ ਹਸਪਤਾਲ ਲਾਇਲਪੁਰ ਵਿਖੇ ਹੋ ਗਈ। ਨੌਕਰੀ ਦੌਰਾਨ ਬਦਲੀਆਂ ਹੁੰਦੀਆਂ ਰਹੀਆਂ ਤੇ ਉਹਨਾਂ ਨੇ ਲਾਇਲਪੁਰ, ਸਮੁੰਦਰੀ, ਸਲਾਰਵਾਲਾ, ਖੁਰੜਵੇ ਵਾਲਾ, ਚੱਕ ਝੁੰਬਰਾਂ, 66 ਚੱਕ ਅਤੇ 68 ਚੱਕ ਆਦਿ ਥਾਵਾਂ 'ਤੇ ਸੇਵਾਵਾਂ ਦਿੱਤੀਆਂ। 1947 ਤੋਂ ਪਹਿਲਾਂ ਆਪ ਸਰਕਾਰੀ ਹਸਪਤਾਲ ਜੜ੍ਹਾਂਵਾਲੇ ਵਿਖੇ ਆ ਗਏ ਸਨ।

ਅੰਜਨਾ ਦੇਵੀ - 16