ਜਦੋਂ ਦੇਸ਼ ਦੀ ਵੰਡ ਦਾ ਐਲਾਨ ਹੋਇਆ ਤਾਂ ਲੋਕਾਂ ਵਿਚ ਅਜੀਬ ਤਰ੍ਹਾਂ ਦੀ ਹਲਚਲ ਸ਼ੁਰੂ ਹੋ ਗਈ। ਫਿਰ ਮਾਤਾ ਜੀ ਬੱਚਿਆਂ ਸਮੇਤ 233 ਚੱਕ ਪਿੰਡ ਆ ਗਏ ਸਨ ਤੇ ਆਪ ਆਪਣੀ ਡਿਊਟੀ ’ਤੇ ਹੀ ਸਨ। ਜਦੋਂ ਮੁਸਲਮਾਨਾਂ ਦਾ ਹਮਲਾ ਹੋਇਆ ਤਾਂ ਇਹਨਾਂ ਦੇ ਸਾਥੀ ਡਾਕਟਰ ਜੋ ਮੁਸਲਮਾਨ ਸੀ, ਨੇ ਇਹਨਾਂ ਨੂੰ ਛੁਪਾ ਕੇ ਚਾਰ ਦਿਨ ਆਪਣੇ ਘਰੇ ਰੱਖਿਆ। ਓਧਰ ਸਾਰਾ ਪਿੰਡ ਕਾਫ਼ਲੇ ਦੇ ਰੂਪ ਵਿਚ ਤੁਰ ਪਿਆ ਸੀ। ਕਾਫ਼ਲਾ ਸ਼ੰਕਰ ਪਿੰਡ ਸੀ ਜਦੋਂ ਇਹਨਾਂ ਦੇ ਮੁਸਲਮਾਨ ਦੋਸਤ ਨੇ ਪੁਲਿਸ ਦੀ ਗੱਡੀ ਵਿਚ ਬਿਠਾ ਕੇ ਕਾਫ਼ਲੇ ਵਿਚ ਰਲਾ ਦਿੱਤਾ। ਇਹ ਬੜੇ ਦੁਖਦਾਈ ਦਿਨ ਸਨ। ਮੈਂ ਉਦੋਂ ਚਾਰ ਸਾਲ ਦੀ ਸੀ। ਮੇਰੇ ਵੱਡੇ ਭੈਣ ਜੀ ਗੁਰਮੇਜ ਕੌਰ, ਭਰਾ ਹਰਿੰਦਰ ਸਿੰਘ ਤੇ ਭੈਣ ਰਵਿੰਦਰ ਕੌਰ ਮੇਰੇ ਤੋਂ ਵੱਡੇ ਸਨ। ਇਸ ਤਰ੍ਹਾਂ ਪਰਿਵਾਰ ਮੁਸੀਬਤਾਂ ਝੱਲਦਾ ਕੋਈ ਡੇਢ-ਦੋ ਮਹੀਨਿਆਂ ਬਾਅਦ ਹਿੰਦੋਸਤਾਨ ਪਹੁੰਚਿਆ ਸੀ। ਏਧਰ ਕੱਚੀ ਅਲਾਟਮੈਂਟ ਪਿੰਡ ਰੰਚਨਾ (ਨੇੜੇ ਧੂਰੀ) ਹੋਈ। ਪਿਤਾ ਜੀ ਦਸਦੇ ਸਨ ਕਿ ਇਕ ਕੱਚੇ ਕੋਠੇ ਵਿਚ ਅਸੀਂ ਰਹਿੰਦੇ ਸਾਂ। ਸਮਾਨ ਕੋਲ ਕੋਈ ਨਹੀਂ ਸੀ। ਭਰਿਆ-ਭਕੁੰਨਿਆ ਘਰ ਓਧਰ ਹੀ ਰਹਿ ਗਿਆ ਸੀ। ਤੇੜ ਪਾਏ ਕੱਪੜਿਆਂ ਨਾਲ ਹੀ ਏਧਰ ਆਏ ਸਾਂ। ਰੰਚਨਾ ਵਿਖੇ ਪਿਤਾ ਜੀ ਨੇ ਧੂਰੀ ਤੋਂ ਕੁਝ ਦਵਾਈਆਂ ਲਿਆ ਕੇ ਕੱਚੇ ਕੋਠੇ ਵਿਚ ਆਪਣੀ ਡਾਕਟਰੀ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਉਹ ਆਲੇ ਦੁਆਲੇ ਦੇ ਪਿੰਡਾਂ ਵਿਚ ਡਾਕਟਰ ਦੇ ਤੌਰ 'ਤੇ ਮਸ਼ਹੂਰ ਹੋ ਗਏ। ਉਸ ਬਾਅਦ 1949 ਵਿਚ ਪੱਕੀ ਅਲਾਟਮੈਂਟ ਪਿੰਡ ਬੂੰਦਾਂ (ਨਜ਼ਦੀਕ ਅਮਰਗੜ੍ਹ) ਹੋ ਗਈ ਤੇ ਇਸ ਪਿੰਡ ਦੇ ਪੱਕੇ ਵਾਸ਼ਿੰਦੇ ਬਣ ਗਏ। ਇਥੇ ਵੀ ਉਹਨਾਂ ਪਹਿਲਾਂ ਆਪਣੇ ਇਕ ਦੋਸਤ ਨਾਲ ਅਮਰਗੜ੍ਹ 'ਚ ਡਿਸਪੈਂਸਰੀ ਸ਼ੁਰੂ ਕੀਤੀ ਪਰ ਬਾਅਦ ਵਿਚ ਬੂੰਦਾਂ ਵਿਖੇ ਹੀ ਇਕ ਕਮਰੇ ਵਿਚ ਡਿਸਪੈਂਸਰੀ ਬਣਾ ਕੇ ਕੰਮ ਸ਼ੁਰੂ ਕਰ ਦਿੱਤਾ। ਪਿਤਾ ਜੀ (ਸ. ਉਜਾਗਰ ਸਿੰਘ) ਦਾ ਸੁਭਾ ਬੜਾ ਨਿੱਘਾ ਸੀ। ਬੜਾ ਸਾਦਾ ਉਹਨਾਂ ਦਾ ਜੀਵਨ ਸੀ। ਖਾਣ-ਪੀਣ ਤੇ ਪਹਿਨਣ-ਪਚਰਨ ਵਿਚ ਸਾਦਗੀ ਸੀ। ਪੈਸੇ ਦਾ ਕੋਈ ਲੋਭ-ਲਾਲਚ ਨਹੀਂ ਸੀ। ਸੇਵਾ-ਭਾਵਨਾ ਪ੍ਰਮੁੱਖ ਸੀ। ਆਪਣੇ ਕੰਮ ਪ੍ਰਤੀ ਪੂਰੇ ਸਮਰਪਿਤ ਸਨ। ਅੱਧੀ ਰਾਤ ਨੂੰ ਵੀ ਕੋਈ ਹਾਕ ਮਾਰੇ ਤਾਂ ਉੱਠ ਕੇ ਤੁ ਪੈਂਦੇ ਸਨ। ਗ਼ਰੀਬ ਮਰੀਜ਼ ਨੂੰ ਵੇਖ ਕੇ ਵੀ ਕਦੇ ਮੱਥੇ ਵੱਟ ਨਹੀਂ ਸਨ ਪਾਉਂਦੇ। ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਇਹਨਾਂ ਨੂੰ ‘ਰੱਬ’ ਸਮਝਦੇ ਸਨ ਤੇ ਇਹਨਾਂ ਦੀ ਦਿੱਤੀ ਦਵਾਈ 'ਤੇ ਭਰੋਸਾ ਕਰਦੇ ਸਨ। ਮਰਜ਼ ਦੇਖਣ ਦਾ ਉਹਨਾਂ ਦਾ ਆਪਣਾ ਢੰਗ ਸੀ। ਮਰੀਜ਼ ਦੀ ਕਲਾਈ ਹੱਥ ‘ਚ ਫੜ ਗੱਲੀ ਲੱਗ ਜਾਂਦੇ। ਗੱਲਾਂ-ਗੱਲਾਂ
ਵਿਚ ਮਰਜ਼ ਵੀ ਬੁੱਝ ਲੈਂਦੇ ਤੇ ਅੱਧੀ ਬੀਮਾਰੀ ਵੀ ਠੀਕ ਕਰ ਦਿੰਦੇ। ਸ਼ਾਇਰ ਮਨ
ਅੰਜਨਾ ਦੇਵੀ - 17