(ਅੰਜਨਾ ਨੇ ਤਿਆਰੀ ਕਰਨੀ)
ਪਹਿਲਾਂ ਅੰਜਨਾ ਮਾਤਾ ਦੇ ਨਾਲ ਜਾ ਕੇ, ਹਥ ਜੋੜ ਪਰਨਾਮ ਕਰਾਵੰਦੀ ਏ।
ਫੇਰ ਆਖਦੀ ਸਖੀਆਂ ਨਾਲ ਮਾਤਾ, ਜਾਣਾ ਬਾਗ ਨੂੰ ਤਬਾ ਇਹ ਚਾਹਵੰਦੀ ਏ।
ਲੈ ਕੇ ਆਗਿਆ ਆਪਣੀ ਮਾਤਾ ਵੱਲੋਂ, ਬੀਬੀ ਅੰਜਨਾ ਤਿਆਰ ਹੋ ਜਾਵੰਦੀ ਏ।
ਸੱਦ ਗੋਲੀਆਂ ਬਾਂਦੀਆਂ ਟਹਿਲਣਾਂ ਨੂੰ, ਚੌਕੀ ਬੈਠ ਅਸ਼ਨਾਨ ਕਰਾਵੰਦੀ ਏ।
ਫੇਰ ਜ਼ਰੀ ਦੀ ਪਹਿਨ ਪੁਸ਼ਾਕ ਸੂਚੀ ਬਿੰਦੀ ਮਥੇ ਦੇ ਉਤੇ ਲਗਾਵੰਦੀ ਏ।
ਜੋਬਨ ਕੁੜੀ ਕੁਆਰੀ ਤੇ ਇਉਂ ਖਿੜਿਆ, ਕਿਆਰੀ ਕੇਸਰ ਦੀ ਜਿਵੇਂ ਮਹਿਕਾਵੰਦੀ ਏ।
ਦੀ ਭਰੀ ਹੋਈ ਨਦੀ ਵਾਂਗੂ, ਖ਼ੂਬ ਰਾਜ ਦੁਲਾਰੀ ਸੁਹਾਵੰਦੀ ਏ
‘ਸ਼ਾਮ' ਨੂਰ
(ਅੰਜਨਾ ਨੇ ਸਹੇਲੀਆਂ ਨਾਲ ਬਾਗ਼ ਨੂੰ ਜਾਣਾ)
ਕੁੜੀਆਂ ਮੀਰਾਂ ਵਜ਼ੀਰਾਂ ਦੀਆਂ ਬਨ੍ਹ ਸੰਦਲੇ, ਚਲੀਆਂ ਬਾਗ਼ ਨੂੰ ਨੌਜਵਾਨਣਾਂ ਜੀ।
ਚੜ੍ਹਿਆ ਜਿਸਤ੍ਰਾਂ ਗੰਗਾ ਵਿਚ ਹੜ ਆਵੇ, ਤੈਸੇ ਜਾਂਦੀਆਂ ਰੂਪ ਗੁਮਾਨਣਾਂ ਜੀ
ਬਲ ਖਾਂਦੀਆਂ ਜਾਂਦੀਆਂ ਨਾਜ਼ ਭਰੀਆਂ, ਪਰੀਆਂ ਜਿਸ ਤਰ੍ਹਾਂ ਹੋਣ ਅਸਮਾਨਣਾ ਜੀ
‘ਸ਼ਾਮ’ ਨੂਰ ਦੇ ਭਰੇ ਹੋਏ ਸਿੰਧ ਅੰਦਰ, ਲਹਿਰਾਂ ਉਠੀਆਂ ਬੇਮੁਹਾਨਣਾ ਜੀ।
(ਬਾਗ ਦਾ ਦ੍ਰਿਸ਼)
ਸ਼ਾਹੀ ਬਾਗ਼ ਜਾਂ ਇੰਦਰ ਦਾ ਚਮਨ ਖਿੜਿਆ, ਅਸ਼ੋਕ ਬਾਟਕਾ ਲੰਕਾ ਦਰਬਾਰ ਦੀ ਏ।
ਜਾਂ ਏਹ ਦੇਵਾਂ ਦੀ ਪੁਰੀ ਦਾ ਬਾਗ ਸੋਹਣਾ, ਕਰਾਂ ਕੀ ਮੈਂ ਸਿਫ਼ਤ ਗੁਲਜ਼ਾਰ ਦੀ ਏ।
ਫਲਾਂ ਫੁਲਾਂ ਤੇ ਬੂਟਿਆਂ ਨਾਲ ਭਰੀ, ਸੈਰਗਾਹ ਏਹ ਸ਼ਾਹੀ ਦਰਬਾਰ ਦੀ ਏ।
ਸੜਕਾਂ ਸਿਧੀਆਂ ਕਢੀਆਂ ਐਨ ਵਿਚੋਂ, ਤਰਜ਼ ਚਾਂਦਨੀ ਚੌਂਕ ਬਾਜ਼ਾਰ ਦੀ ਏ।
ਰੰਗਾ ਰੰਗ ਦਾ ਕਿਤੇ ਗੁਲਾਬ ਖਿੜਿਆ, ਕਿਆਰੀ ਮਹਿਕਦੀ ਕਿਤੇ ਲਾਲਾਜ਼ਾਰ ਦੀ ਏ।
ਲਾਜਵੰਤੀ ਕਿਤੇ ਹੈ ਗਲ ਸੇਂਸਨ, ਕਲੀ ਚੰਬੇ ਦੀ ਕਿਤੇ ਮਹਿਕਾਰ ਦੀ ਏ।
ਕਿਤੇ ਪਏ ਫੁਹਾਰੇ ਨੇ ਫੁਟ ਰਹੇ, ਮਹਿਕ ਕਿਤੋਂ ਕਿਉੜੇ ਦੀ ਮਾਰਦੀ ਏ।
ਕਿਤੇ ਮੋਰਨੀ ਪਾਇਲਾਂ ਪਾ ਰਹੀ ਹੈ, ਰਾਗ ਕਿਸੇ ਥੌਂ ਕੋਇਲ ਉਚਾਰਦੀ ਏ।
ਕੋਈ ਅੰਤ ਨਾ ਫਲਾਂ ਤੇ ਫੁਲਾਂ ਵਾਲਾ, ਖਿੜੀ ਰੁਤ ਬਸੰਤ ਬਹਾਰ ਦੀ ਏ।
ਘਟਾਂ ਕਾਲੀਆਂ ਵਿਚ ਅਕਾਸ਼ ਚੜ੍ਹੀਆਂ, ਬਿਜਲੀ ਘਰਦੀ ਅਤੇ ਲਸ਼ਕਾਰਦੀ ਏ।
ਠੰਡ ਵਾਂਗ ਹਮਾਲਾ ਦੇ ਦੇਣ ਵਾਲੀ, ਔਂਦੀ ਹਵਾ ਸਮੁੰਦਰੋਂ ਪਾਰਦੀ ਏ।
ਰਾਜ ਨ੍ਯਾ ਬਾਗ ਦੇ ਵਿਚ ਜਾ ਕੇ, ਖ਼ੁਸ਼ੀ ਆਪਣੇ ਦਿਲ ਮੇਂ ਧਾਰਦੀ ਏ।
ਦੇਖ ਦੇਖ ਕੇ ਫੁਲਾਂ ਤੇ ਗੁੰਚਿਆਂ ਨੂੰ, ਦੇਵੀ ਅੰਜਨਾ ਖੂਬ ਵਚਾਰਦੀ ਏ।
‘ਸ਼ਾਮ’ ਬੈਠਕੇ ਫੁਲਾਂ ਦੇ ਆਸਣ ਉੱਤੇ, ਇਉਂ ਰਾਜਕੁਮਾਰੀ ਉਚਾਰਦੀ ਏ।
ਅੰਜਨਾ ਦੇਵੀ - 28