ਸਮੱਗਰੀ 'ਤੇ ਜਾਓ

ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਅੰਜਨਾ ਦੇਵੀ)

ਮੇਰੀ ਗਲ ਤੂੰ ਸੁਣ ਬਸੰਤ ਮਾਲਾ, ਦੇਖ ਫੁਲ ਇਹ ਕੇਹੇ ਸੁਹਾ ਰਹੇ ਨੇ।
ਵਲ ਗੁੰਚਿਆਂ ਵੇਖ ਖਾਂ ਨੀਝ ਲਾ ਕੇ, ਕੈਸੇ ਦਿਲਾਂ ਦੇ ਤਾਈਂ ਲੁਭਾ ਰਹੇ ਨੇ।
ਦੇਖੋ ਝੂੰਮਦੇ ਕਿਸਤ੍ਰਾਂ ਹਵਾ ਅੰਦਰ, ਮੁਸ਼ਕ ਆਪਣੇ ਤਾਈਂ ਲੁਟਾ ਰਹੇ ਨੇ।
ਦੇਖੋ ਭੌਰੇ ਨੀ ਏਹਨਾਂ ਤੇ ਮਸਤ ਹੋ ਕੇ, ਜਾਨ ਆਪਣੀ ਕਿਵੇਂ ਗੰਵਾ ਰਹੇ ਨੇ।
ਰਸ ਭਿਨੜੇ ਸੋਸਨ ਦੇ ਫੁਲ ਦੇਖੋਂ, ਮਹਿਕ ਚਾਰੋਂ ਅਤਰਾਫ਼ ਫੈਲਾ ਰਹੇ ਨੇ।
ਹਾਏ! ਹਾਏ ਮੈਂ ਮਰਜਾਂ ਸਖੀਓ ਨੀ, ਕੈਸੇ ਦਿਲ ਦੇ ਤਾਈਂ ਲੁਭਾ ਰਹੇ ਨੇ।
'ਸ਼ਾਮ' ਆਪਣੇ ਜੋਬਨ ਦੇ ਜੋਰ ਅੰਦਰ, ਫੁਲ ਕਿਸਤ੍ਰਾਂ ਨਾਲ ਮਹਿਕਾ ਰਹੇ ਨੇ।

(ਤਥਾ)

ਫੇਰ ਚੁਕਕੇ ਸੁੱਕੀਆਂ ਪੱਤੀਆਂ ਨੂੰ ਰਾਜ ਕਨਯਾ ਲੱਗੀ ਸੁਨਾਨ ਸੱਈਓ!
ਲੌ ਨੀ ਆਹ ਭੀ ਸੁੱਕੇ ਹੋਏ ਫੁਲ ਵੇਖੋਂ, ਜ਼ਰਾ ਕਰਕੇ ਗ਼ੌਰ ਧਿਆਨ ਸੱਈਓ!
ਕਦੇ ਏਹਨਾਂ ਦੇ ਉਤੇ ਭੀ ਦਿਣ ਹੈਸਨ, ਹੁੰਦੇ ਏਹ ਭੀ ਸੁਣ ਜਵਾਨ ਸੱਈਓ!
ਭੌਰੇ ਏਹਨਾਂ ਦੇ ਗਿਰਦ ਭੀ ਗੂੰਜਦੇ ਸਨ, ਹੁੰਦੇ ਜਾਨ ਤੋਂ ਸੁਣ ਬੇਜਾਨ ਸੱਈਓ!
ਪੁੱਗੀ ਉਮਰ ਤੇ ਏਹਨਾਂ ਦੇ ਵਲ ਵੇਖੋ, ਹੋਏ ਪਏ ਨੇ ਕਿਵੇਂ ਵੈਰਾਨ ਸੱਈਓ!
'ਸ਼ਾਮ' ਏਹਨਾਂ ਦੇ ਅੰਤ ਨੂੰ ਸੱਚ ਕਰਕੇ, ਮੇਰੀ ਡੋਲਦੀ ਅੰਦਰੋਂ ਜਾਨ ਸੱਈਓ!

(ਤਥਾ)

ਏਸੇ ਤਰ੍ਹਾਂ ਹੀ ਨਾਲ ਵਚਾਰ ਵੇਖੋ, ਝੂਠਾ ਦੁਨੀਆ ਬਾਗ ਸੁਹਾਣਾ ਹੈ ਜੀ।
ਏਹ ਰੈਣ ਬਸੇਰਾ ਹੈ ਜਗਤ ਵਾਲਾ, ਥਿਰ ਕਿਸੇ ਨਾ ਸਦਾ ਰਹਾਣਾ ਹੈ ਜੀ।
ਬੰਦਾ ਬੁਲਬਲਾ ਪਾਣੀ ਦਾ ਕਹਿਣ ਦਾਨੇ, ਅੰਤ ਕਾਲ ਭਗਵਾਨ ਨੇ ਖਾਣਾ ਹੈ ਜੀ।
ਅੰਤ ਸਭ ਨੇ ਮੌਤ ਦੇ ਮੂੰਹ ਪੈਣਾ, ਨਹੀਂ ਕਿਸੇ ਦਾ ਸਦਾ ਟਿਕਾਣਾ ਹੈ ਜੀ।
ਬਾਲਪਨ ਤੇ ਜੋਬਨ ਨਾ ਸਦਾ ਰਹਿੰਦੇ, ਅੰਤ ਫੁਲਾਂ ਦੇ ਵਾਂਗ ਮੁਰਝਾਣਾ ਹੈ ਜੀ।
ਸਦਾ ਸਦਾ ਬਸੰਤ ਬਹਾਰ ਨਾਹੀਂ, ਸਦਾ ਫੁੱਲਾਂ ਨੇ ਨਹੀਂ ਮਹਿਕਾਣਾ ਹੈ ਜੀ।
ਸਦਾ ਖਿੜਨਾ ਕਲੀਆਂ ਗੁੰਚਿਆਂ ਨਹੀਂ, ਸਦਾ ਬੈਠ ਨਾ ਬੁਲਬਲਾਂ ਗਾਣਾ ਹੈ ਜੀ।
ਸਦਾ ਨਹੀਂ ਬਰਸਾਤ ਦੀ ਰੁਤ ਰਹਿਣੀ, ਘਟਾਂ ਕਾਲੀਆਂ ਸਦਾ ਨਾ ਛਾਣਾ ਹੈ ਜੀ।
ਇਕੋ ਜੇਹਾ ਨਾ ਸਦਾ ਹੀ ਸਮਾਂ ਰਹੇ, ਕਈ ਤਰ੍ਹਾਂ ਦੇ ਰੰਗਾਂ ਨੇ ਆਣਾ ਹੈ ਜੀ।
'ਸ਼ਾਮ' ਮਿਥਿਆ ਏਹ ਸਰੀਰ ਤੇਰਾ, ਅੰਤ ਖ਼ਾਕ ਮੇਂ ਖ਼ਾਕ ਹੋ ਜਾਣਾ ਹੈ ਜੀ।

ਅੰਜਨਾ ਦੇਵੀ - 29