ਪੁਛਾਂ ਪੁੱਛਦੀ ਗੋਲੀਆਂ ਬਾਂਦੀਆਂ ਤੋਂ, ਦਸੋਂ ਕੀ ਹੈ ਵਿਚ ਅਸਰਾਰ ਲੋਕ!
‘ਸ਼ਾਮ' ਅੰਜਨਾ ਦੇਵੀ ਨੂੰ ਇਕ ਦਾਸੀ, ਅੰਤ ਦੱਸਦੀ ਇਉਂ ਉਚਾਰ ਲੋਕ!
(ਵਾਕ ਗੋਲੀ)
ਸਚੋ ਸਚ ਮੈਂ ਰਾਣੀ ਜੀ ਆਖਨੀ ਹਾਂ, ਮੇਰੀ ਸਮਝ ਮੈਂ ਜਿਸ ਆਇਆ ਜੇ।
ਤੇਰੇ ਪਵਨ ਭਰਤਾਰ ਤੋਂ ਮੈਂ ਸੁਣਿਆ, ਜੋ ਜੋ ਓਸਨੇ ਸੁਖਨ ਅਲਾਇਆ ਜੇ।
ਗੌਤਮ ਰਿਖੀ ਦੇ ਵਾਂਗਰਾਂ ਕੰਤ ਤੇਰੇ, ਛਿਟਾ ਚੰਨ ਦੇ ਮੁਖੜੇ ਪਾਇਆ ਜੇ।
ਤੇਰਾ ਤਖ਼ਤ ਸੁਹਾਗ ਬਰਬਾਦ ਹੋਇਆ, ਹੁਸਨ ਦੌਲਤਾਂ ਤਾਈਂ ਲੁਟਾਇਆ ਜੇ।
ਬਾਰਾਂ ਬਰਸ ਨਾ ਆਵਣਾ ਕੋਲ ਤੇਰੇ, ਮੁਖ ਵਾਕ ਏਹ ਪਵਨ ਅਲਾਇਆ ਜੇ।
ਏਹ ਪਤਾ ਨਾ ਕਿਸੇ ਨੂੰ ਕੋਈ ਲੱਗਾ, ਕਿਉਂ ਓਸਨੇ ਮਤਾ ਪਕਾਇਆ ਜੇ।
ਰਬ ਜਾਣੇਂ ਜਾਂ ਤੁਸੀਂ ਜਾਣੋਂ, ਨਵਾਂ ਜਿਨ੍ਹਾਂ ਨੇ ਖੇਲ ਬਨਾਇਆ ਜੇ
ਨਹੀਂ ਸੁਣਿਆ ਜਿਮੀਂ ਅਸਮਾਨ ਅੰਦਰ, ਜਿਵੇਂ ਤੁਸਾਂ ਤੂਫ਼ਾਨ ਉਠਾਇਆ ਜੇ।
ਮਹਾਰਾਣੀ ਤੇ ਸ੍ਰੀ ਮਹਰਾਜ ਨੂੰ ਜੀ, ਤੁਸਾਂ ਗ਼ਮਾਂ ਦੀ ਆਗ ਜਲਾਇਆ ਜੇ।
ਸਾਨੂੰ ਪਤਾ ਨਹੀਂ ਵਿਚਲੀ ਗੱਲ ਵਾਲਾ, ਖੇਲ ਤੁਸਾਂ ਨੇ ਕੀ ਰਚਾਇਆ ਜੇ।
ਮੰਨੀ ਰਾਜ ਕੁਮਾਰ ਨਾ ਕਿਸੇ ਦੀ ਜੀ, ਮਾਤਾ ਪਿਤਾ ਨੇ ਬੜਾ ਸਮਝਾਇਆ ਜੇ।
‘ਸ਼ਾਮ’ ਤੇਰੀ ਜਵਾਨੀ ਤੇ ਰੂਪ ਵਾਲਾ, ਬੇਕਦਰੇ ਨੇ ਮੂਲ ਨਾ ਪਾਇਆ ਜੇ।
(ਅੰਜਨਾ ਨੇ ਅਫਸੋਸ ਕਰਨਾ)
ਪਈ ਅੰਜਨਾ ਸੋਂ ਏਹ ਜਦੋਂ ਕੰਨੀਂ ਘਟਾ ਗਮ ਦੀ ਸਿਰ ਤੇ ਛਾ ਗਈ।
ਜਿਵੇਂ ਬਿਜਲੀ ਅੰਬਰੋਂ ਕੜਕ ਡਿਗੇ, ਤਿਵੇਂ ਰਾਜਕੁਮਾਰੀ ਘਬਰਾ ਗਈ।
ਆਇਆ ਜਲਜ਼ਲਾ ਖੜਾ ਔਸਾਨ ਹੋਏ, ਧਰਤ ਵਾਂਗਰਾਂ ਥਰ ਥਰਾ ਗਈ।
ਸੋਹਣੀ ਚੰਨ ਤੋਂ ਰੂਪ ਅਨੂਪ ਵਾਲੀ, ਕਲੀ ਚੰਬੇ ਦੀ ਤੁਰਤ ਕੁਮਲਾ ਗਈ।
ਲਾਲੇ ਜਾਨ ਦੇ ਪੈ ਗਏ ਅੰਜਨਾ ਨੂੰ, ਨਦੀ ਦੁਖਾਂ ਦੀ ਜਿੰਦ ਰੂੜਾ ਗਈ।
‘ਸ਼ਾਮ' ਮਹਾਰਾਜ ਕੁਮਾਰੀ ਦੇ ਸਿਰ ਉਤੇ, ਬੁਰੀ ਘੜੀ ਜੁਦਾਈ ਦੀ ਆ ਗਈ।
(ਅੰਜਨਾ ਨੇ ਸਬਰ ਕਰਨਾ)
ਭਾਣਾ ਮੰਨ ਕੇ ਪੁਰਖ ਅਕਾਲ ਵਾ, ਦੇਵੇ ਮਨ ਦੇ ਤਾਈਂ ਧਰਵਾਸ ਸਮਝੋ।
ਕਰੇ ਬੇਨਤੀ ਹਰੀ ਜਗਦੀਸ਼ ਅੱਗੇ, ਕਰੋ ਦੁਖਾਂ ਦਾ ਆਣ ਕੇ ਨਾਸ ਸਮਝੋ।
ਪੂਜਾ ਪਤੀ ਭਗਵਾਨ ਦੀ ਕਰਨ ਲੱਗੀ, ਰੂਪ ਪਾਰਬ੍ਰਹਮ ਦਾ ਖਾਸ ਸਮਝੋ।
ਅੰਜਨਾ ਦੇਵੀ - 55