ਗੁਰੂ ਮੈਂ ਜੋ ਮੁਕਤ ਦਾ ਹੋਏ ਦਾਤਾ, ਪੂਰਨ ਜਿਸ ਨੂੰ ਬ੍ਰਹਮ ਗਿਆਨ ਹੋਵੇ।
ਬ੍ਰਾਹਮਣ ਸੋ ਜੋ ਬ੍ਰਹਮ ਦੀ ਕਰੇ ਲਖਤਾ, ਅਕਲਵੰਦ ਤੇ ਵਿਦ੍ਯਾਵਾਨ ਹੋਵੇ।
ਕੁਆਰੀ ਭਲੀ ਜੋ ਸ਼ਰਮ ਹਿਆ ਵਾਲੀ, ਦੇਵੀ ਰੂਪ ਸੁਸ਼ੀਲ ਲਜਵਾਨ ਹੋਵੇ।
ਧਨ ਸੋ ਜੋ ਧਰਮ ਦੇ ਅਰਥ ਲੱਗੇ, ਧੁਨੀ ਸੋ ਜੋ ਕਰਦਾ ਦਾਨ ਹੋਵੇ।
ਬੰਦਾ ਸੌਂ ਜੋ ਬੰਦਗੀ ਕਰੇ ਹਰਦਮ, ਨਾਮ ਜਪਦਾ ਸ੍ਰੀ ਭਗਵਾਨ ਹੋਵੇ।
ਤਾਂ ਤੇ ਪਿਤਾ ਜੀ ਫਰਜ ਹੈ ਹੁਣ ਮੇਰਾ, ਕਰਾਂ ਤੁਸਾਂ ਦੀ ਸੇਵਾ ਪਰਵਾਨ ਹੋਵੇ।
‘ਸ਼ਾਮ’ ਜਿਸ ਥੌਂ ਬਣੀ ਹੈ ਭੀੜ ਤੁਹਾਨੂੰ, ਹਾਜ਼ਰ ਓਸ ਥੀਂ ਮੇਰੜੀ ਜਾਨ ਹੋਵੇ।
(ਰਾਜਾ)
ਰਾਜਾ ਆਖਦਾ ਅਛਾ ਸਲਾਹ ਤੇਰੀ, ਗਲ ਸੁਣ ਮੈਂ ਦਸਾਂ ਸਮਝਾ ਕਰਕੇ।
ਲੰਕਾਪਤੀ ਨੇ ਲਿਖਿਆ ਖ਼ਤ ਮੈਨੂੰ, ਬੜੀ ਭਾਰੀ ਤਾਕੀਦ ਕਰਾ ਕਰਕੇ
ਆਕੀ ਹੋ ਗਿਆ ਰਾਜਾ ਦਰਮਤੀ ਦਾ, ਅਹਿਦਨਾਮੇ ਦੇ ਤਾਈਂ ਤੁੜਾ ਕਰਕੇ
ਏਸ ਸਾਲ ਦਾ ਨਹੀਂ ਖਿਰਾਜ ਦਿਤਾ, ਸਾਰੇ ਕੌਲ ਕਰਾਰ ਭੁਲਾ ਕਰਕੇ
ਕਈ ਵਾਰੀ ਹਾਂ ਓਸਨੂੰ ਲਿਖ ਚੁਕੇ, ਥਕ ਗਏ ਹਾਂ ਬਹੁਤ ਸਮਝਾ ਕਰਕੇ
ਆਮ ਜੰਗ ਦਾ ਓਸ ਐਲਾਨ ਕੀਤਾ, ਬੜਾ ਭਾਰੀ ਹੰਕਾਰ ਜਤਾ ਕਰਕੇ।
ਹੁਣ ਤੁਸਾਂ ਨੇ ਆਪਣੀ ਲੈ ਸੈਨਾ, ਮੈਨੂੰ ਮਿਲਣਾ ਜਲਦੀ ਧਾ ਕਰਕੇ
ਖ਼ਤ ਵੇਖ ਕੇ ਡੇਰ ਲਗਾਵਣੀ ਨਹੀਂ, ਰਸਾਲੇ ਪਲਟਣਾਂ ਲਿਆਓ ਚੜ੍ਹਾ ਕਰਕੇ
‘ਸ਼ਾਮ' ਜਲਦੀ ਨਾਲ ਹੈ ਪਹੁੰਚ ਜਾਣਾ, ਹਰ ਤਰ੍ਹਾਂ ਤਿਆਰੀ ਕਰਾ ਕਰਕੇ।
(ਤਥਾ)
ਏਸ ਬਾਤ ਦਾ ਫਿਕਰ ਤਾਂ ਨਹੀਂ ਮੈਨੂੰ, ਔਂਦਾ ਇਕ ਹੈ ਹੋਰ ਖ਼ਿਆਲ ਬੇਟਾ।
ਜੇਕਰ ਆਪ ਮੈਂ ਜੰਗ ਨੂੰ ਜਾਵੰਦਾ ਹਾਂ, ਪਿਛੋਂ ਕਰੇਗਾ ਕੌਣ ਸੰਭਾਲ ਬੇਟਾ।
ਪਤਾ ਨਹੀਂ ਹੈ ਕਿਤਨਾ ਚਿਰ ਲੱਗੇ, ਲੱਗੇ ਸਾਲ ਜਾਂ ਲਗਣ ਦੋ ਸਾਲ ਬੇਟਾ
ਜੁਮੇਵਾਰੀ ਦਾ ਕੰਮ ਏਹ ਬਹੁਤ ਭਾਰੀ, ਸੈਨਾ ਲੜਦੀ ਰਾਜੇ ਦੇ ਨਾਲ ਬੇਟਾ।
ਜੇਕਰ ਆਪ ਮੈਂ ਯੁਧ ਨੂੰ ਜਾਵੰਦਾ ਹਾਂ, ਪਿਛੋਂ ਰਖੇਗਾ ਕੌਣ ਖ਼ਿਆਲ ਬੇਟਾ
ਇੰਤਜ਼ਾਮ ਰਿਆਸਤ ਦਾ ਕੌਣ ਕਰੂ, ਹਾਲੇ ਉਮਰ ਹੈ ਤੇਰੜੀ ਬਾਲ ਬੇਟਾ |
ਕਿਧਰ ਹੋਵਾਂ ਤੇ ਕਿਧਰ ਮੈਂ ਨਾ ਹੋਵਾਂ, ਐਸੀ ਹੋਈ ਅਠੜੀ ਚਾਲ ਬੇਟਾ
‘ਸ਼ਾਮ’ ਅਗੋਂ ਸਲਾਹ ਤੂੰ ਦੇ ਮੈਨੂੰ, ਹੋਣਹਾਰ ਪਿਆਰੜੇ ਲਾਲ ਬੇਟਾ |
ਅੰਜਨਾ ਦੇਵੀ - 58