(ਪਵਨ)
ਹਥ ਜੋੜ ਕੇ ਪਵਨ ਫਿਰ ਕਹਿਣ ਲੱਗਾ, ਕਰੋ ਬੇਨਤੀ ਮੇਰੀ ਮਨਜ਼ੂਰ ਪਿਤਾ।
ਦਾਸਨ ਦਾਸ ਹੈ ਅਰਜ਼ਾਂ ਕਰ ਰਹਿਆ, ਜਾਣਾ ਜੰਗ ਨੂੰ ਮੈਂ ਜ਼ਰੂਰ ਪਿਤਾ
ਠਾਠਾਂ ਮਾਰਦਾ ਰਗਾਂ ਵਿਚ ਖ਼ੂਨ ਮੇਰੇ, ਦਿਲ ਉਛਲਦਾ ਨਾਲ ਸਰੂਰ ਪਿਤਾ
‘ਸ਼ਾਮ ਆਪਣੀ ਤੇਗ ਦੇ ਜੋਰ ਕਰਕੇ, ਲਾਹਸਾਂ ਦੁਸ਼ਮਣਾਂ ਵਾਲੇ ਗਰੂਰ ਪਿਤਾ।
(ਵਾਕ ਮੰਤਰੀ)
ਨਾਲ ਲਗਦਿਆਂ ਮੰਤਰੀ ਕਹਿਣ ਲੱਗਾ, ਹੈਗਾ ਰਾਜਕੁਮਾਰ ਦਲੇਰ ਰਾਜਨ।
ਭੁਜਾਬਲ ਹੈ ਏਸਦੇ ਵਿਚ ਭਾਰੀ, ਬਲੀ ਸੂਰਮਾ ਵਾਂਗ ਕੁਬੇਰ ਰਾਜਨ।
ਖੌਫ਼ ਏਸ ਤੋਂ ਸਾਰੇ ਹੀ ਖਾਵੰਦੇ ਨੇ, ਰਣਭੂਮ ਮੇਂ ਗਰਜਦਾ ਸ਼ੇਰ ਰਾਜਨ।
‘ਸ਼ਾਮ’ ਹੇਠਲੀ ਉਤਲੀ ਕਰ ਦੇਵੇ, ਜਦੋਂ ਨਿਕਲੇ ਫੜ ਸ਼ਮਸ਼ੇਰ ਰਾਜਨ।
ਗੱਲ ਬਾਦਲੀਲ ਇਹ ਸੁਣ ਕਰਕੇ, ਭੂਪ ਦਿਲ ਮੇਂ ਖ਼ਿਆਲ ਦੁੜਾਨ ਲੱਗਾ।
ਬਹੁਤ ਅਰਸਾ ਸੋਚ ਵਚਾਰ ਕਰਕੇ, ਅੰਤ ਪਵਨ ਦੇ ਤਾਈਂ ਸੁਨਾਣ ਲੱਗਾ।
ਅਛਾ ਬਚਿਆ, ਜਿਵੇਂ ਸਲਾਹ ਤੇਰੀ, ਕਰ ਸੋਂ ਜੋ ਤੁਧ ਨੂੰ ਭਾਣ ਲੱਗਾ।
ਰੱਖੀਂ ਖਿਆਲ ਮੈਂ ਦਿਲ ਤੇ ਰੁੱਖ ਪੱਥਰ, ਟੋਟਾ ਜਿਗਰ ਦਾ ਤੈਨੂੰ ਗੰਵਾਣ ਲੱਗਾ।
ਅਜ ਮੈਂ ਆਪਣੇ ਲਾਡਲੇ ਲਾਲ ਤਾਈਂ, ਰਣਭੂਮ ਨੂੰ ਕਰਨ ਰਵਾਨ ਲੱਗਾ।
‘ਸ਼ਾਮ’ ਦੁਖੜਾ ਬੁਰਾ ਔਲਾਦ ਵਾਲਾ, ਰਾਜਾ ਨੈਣਾਂ 'ਚੋਂ ਨੀਰ ਵਹਾਣ ਲੱਗਾ।
(ਰਾਜਾ ਨੇ ਪਵਨ ਨੂੰ ਜਾਣ ਦਾ ਹੁਕਮ ਦੇਣਾ)
ਸੈਨਾਪਤੀ ਨੂੰ ਭੂਪ ਨੇ ਸੱਦ ਕਰਕੇ, ਦਿਤਾ ਕੂਚ ਦਾ ਹੁਕਮ ਸੁਣਾਏ ਬੇਲੀ।
ਪੰਜ ਸੌ ਜਵਾਨਾਂ ਦੀ ਫ਼ੌਜ ਲੈ ਕੇ, ਲੰਕਾ ਵਲ ਨੂੰ ਜਾਵਣਾ ਧਾਏ ਬੇਲੀ।
ਪਵਨ ਰਾਜ ਕੁਮਾਰ ਦੇ ਹੁਕਮ ਅੰਦਰ, ਚਲੋਂ ਪਲਟਣਾ ਤਾਈਂ ਚੜ੍ਹਾਏ ਬੇਲੀ।
ਰਸਦ ਬਸਦ ਤੇ ਸਾਜ ਸਾਮਾਨ ਸਾਰਾ, ਹਾਥੀ, ਉਠਾਂ ਤੇ ਲਓ ਲਦਾਏ ਬੇਲੀ।
ਹੁਕਮ ਕੁਲ ਸਰਦਾਰਾਂ ਨੂੰ ਦੇ ਦੇਵੇਂ, ਫੌਜਾਂ ਸਾਰੀਆਂ ਲੈਣ ਸਜਾਏ ਬੇਲੀ।
‘ਸ਼ਾਮ’ ਬੀਰਤਾ ਤਾਈਂ ਨਹੀਂ ਲਾਜ ਲੌਣੀ, ਨਾਮਵਰੀ ਨੂੰ ਮੁੜਨਾ ਪਾਏ ਬੇਲੀ।
ਅੰਜਨਾ ਦੇਵੀ - 60