ਹੋਣਹਾਰ ਅਵੱਸ਼ ਹੈ ਵਰਤ ਜਾਂਦੀ, ਨਹੀਂ ਸੱਕਦਾ ਕੋਈ ਹਟਾ ਭਾਈ।
ਬੜੇ ਬੜੇ ਅਵਤਾਰ ਤੇ ਮਹਾਂਬਲੀ, ਹੋਣਹਾਰ ਨਾ ਸਕੇ ਮਿਟਾ ਭਾਈ।
ਦਾਨੋਂ ਦੇਵ ਦਨੂਜ ਤੇ ਕਿਨਰ ਆਦਕ, ਕੀਤੇ ਹੋਣੀ ਬਰਬਾਦ ਤਬਾਹ ਭਾਈ।
ਕਾਮਦੇਵ ਨੂੰ ਹੋਣੀ ਨੇ ਭਸਮ ਕੀਤਾ, ਦਿਤੀ ਅਗ ਭਵਾਨੀ ਜਲਾ ਭਾਈ।
ਕਿਸ ਕਿਸ ਦਾ ਗਿਣਕੇ ਨਾਮ ਦੱਸਾਂ, ਦਿਤੇ ਲਖਾਂ ਘਰਾਨੇ ਮਿਟਾ ਭਾਈ।
ਏਸੇ ਤਰ੍ਹਾਂ ਹੀ ਹੋਣੀ ਦੇ ਵਸ ਹੋ ਕੇ, ਲਿਆ ਭਾਰਾ ਅਪਜਸ ਮੈਂ ਪਾ ਭਾਈ।
ਹੁਣ ਅਗੇ ਦੇ ਵਾਸਤੇ ਕਰ ਕ੍ਰਿਪਾ, ਸਿਧੇ ਰਾਸਤੇ ਦਾਸ ਨੂੰ ਲਾ ਭਾਈ।
ਜਿਵੇਂ ਕਿਵੇਂ ਪਿਆਰੀ ਦਾ ਮੇਲ ਹੋਵੇ, ਐਸਾ ਕੋਈ ਉਪਾ ਬੜਾ ਭਾਈ।
‘ਸ਼ਾਮ’ ਦੱਸ ਤੂੰ ਮੈਨੂੰ ਤਦਬੀਰ ਐਸੀ, ਮਿਲਾਂ ਅੰਜਨਾ ਤਾਈਂ ਮੈਂ ਜਾ ਭਾਈ।
(ਤਥਾ)
ਜੇਕਰ ਹੁਣ ਮੈਂ ਪਿਛਾਂ ਨੂੰ ਮੁੜਦਾ ਹਾਂ, ਕਾਇਰ ਮੁਝ ਨੂੰ ਲੋਕ ਬੜਾਣਗੇ ਜੀ।
ਕੋਈ ਕਹੇਗਾ ਡਰਦਾ ਮੁੜ ਆਇਆ, ਮਥੇ ਟਿਕਾ ਕਲੰਕ ਦਾ ਲਾਣਗੇ ਜੀ।
ਕੋਈ ਕਹੇਗਾ ਵਿਸ਼ਿਆਂ ਵੱਸ ਹੋਇਆ, ਕਾਮੀ ਇੰਦਰ ਦੇ ਵਾਂਗ ਸੁਨਾਣਗੇ ਜੀ।
ਮੁੱਦਾ ਗੱਲ ਕੀ ‘ਸ਼ਾਮ ਜੀ ਮੇਰੇ ਤਾਈਂ, ਦੇਖ ਦੇਖ ਕੇ ਸਭ ਹਸਾਣਗੇ ਜੀ।
(ਤਥਾ)
ਜੇਕਰ ਅੰਜਨਾ ਤਾਈਂ ਮੈਂ ਮਿਲਦਾ ਨਹੀਂ, ਤਾਂ ਭੀ ਦਿਲ ਨੂੰ ਬੜਾ ਸੰਤਾਪ ਹੱਸੀ।
ਜੇਕਰ ਜਾਇਕੇ ਪਿਆਰੀ ਨੂੰ ਵੇਖਦਾ ਨਹੀਂ, ਬਿਰਥਾ ਸਭ ਹੀ ਜਾਪ ਤੇ ਤਾਪ ਹੋਸੀ।
ਦੁਖੇ ਦਿਲ ਨੂੰ ਧੀਰਜ ਨਾ ਜੇ ਦੇਵਾਂ, ਭਾਰੀ ਸਿਰ ਤੇ ਫੇਰ ਏਹ ਪਾਪ ਹੋਸੀ।
ਖਬਰੇ ਕਿਤਨੀ ਦੁਖੀ ਹੈ ਹੋਈ ਅਗੇ, ਕਿਤਨਾ ਕਰਦੀ ਪਸ਼ਚਾਤਾਪ ਹੋਸੀ।
ਮੇਰੇ ਦਰਦ ਫਰਾਕ ਤੇ ਗਮ ਅੰਦਰ, ਖਬਰੇ ਕਿਤਨਾ ਕਰਦੀ ਵਰਲਾਪ ਹੋਸੀ।
“ਸ਼ਾਮ' ਅੰਜਨਾ ਦੇਵੀ ਦੇ ਦੁਖ ਵਾਲੀ, ਮੈਥੋਂ ਵਾਰਤਾ ਹੋਰ ਨਾ ਅਲਾਪ ਹੋਸੀ।
(ਤਥਾ)
ਜੇਕਰ ਜੰਗ ਨੂੰ ਹੁਣ ਮੈਂ ਚਲੇ ਜਾਵਾਂ, ਫੇਰ ਪਤਾ ਨਹੀਂ ਔਣਾ ਕਿ ਨਹੀਂ ਔਣਾ।
ਖ਼ਬਰੇ ਓਥੇ ਹੀ ਹੋ ਸ਼ਹੀਦ ਮਰਨਾ, ਫੇਰਾ ਪਾਵਣਾ ਹੈ ਕਿ ਨਹੀਂ ਪੌਣਾ।
ਪਤਾ ਨਹੀਂ ਜਮਾਨੇ ਦੇ ਬਾਗ ਅੰਦਰ, ਏਸ ਕੇਂਇਲ ਨੇ ਗੌਣਾ ਕਿ ਨਹੀਂ ਗੌਣਾ।
‘ਸ਼ਾਮ’ ਮੇਲ ਹਮਾਰਾ ਤੇ ਅੰਜਨਾ ਦਾ ਖ਼ਬਰੇ ਰਾਮ ਨੂੰ ਭੌਣਾ ਕਿ ਨਹੀਂ ਭੌਣਾ |
ਅੰਜਨਾ ਦੇਵੀ - 65