(੧੧੨)
ਬਿੱਲੀ ਨੂੰ ਮਾਰਨ ਵਾਸਤੇ ਅਮਰੂਦ ਸੁਟਿਆ ਸੀ, ਹੱਥੋਂ ਛੁਟ ਕੇ ਭਾਬੀ ਦੇ ਸਿਰ ਵਿਚ ਵੱਜ ਗਿਆ। ਮੈਂ ਤਾਂ ਕੱਚਾ ਅਮਰੂਦ ਸੁਟ ਰਿਹਾ ਸਾਂ, ਕਿਸੇ ਨੂੰ ਮਾਰ ਥੋੜਾ ਰਿਹਾ ਸਾਂ ? ਫੇਰ ਕਹਿਣ ਲੱਗਾ, ਮੈਂ ਕਿਸੇ ਨੂੰ ਮਾਰਿਆ ਹੀ ਨਹੀਂ, ਆਪੇ ਵੱਜ ਗਿਆ ਹੈ। ਇਹ ਸਾਰੀਆਂ ਸਫਾਈਆਂ ਐਵੇਂ ਹੀ ਚਲੀਆਂ ਗਈਆਂ ਕਿਸੇ ਦੇ ਦਿਲ ਤੇ ਭੋਰਾ ਅਸਰ ਨ ਹੋਇਆ। ਕਿਸੇ ਨੇ ਹਾਂ ਜਾਂ ਨਾਂ ਕੁਝ ਵੀ ਨ ਕਿਹਾ। ਇਕ ਵਾਰੀ ਸੰਘ ਨੂੰ ਛਡਕੇ ਉੱਚੀ ਸਾਰੀ ਸੁਣਾ ਕੇ ਆਖਿਆ, ਮੈਂ ਇਥੇ ਨਹੀਂ ਰਹੂੰਗਾ। ਜਦ ਫੇਰ ਵੀ ਕੋਈ ਨਤੀਜਾ ਨ ਨਿਕਲਿਆ ਤਾਂ ਰੋਣ ਲਗ ਪਿਆ, ਉਹ ਸੋਚਣ ਲੱਗਾ, ਭਾਬੀ ਕਿੱਦਾਂ ਖੁਸ਼ ਹੋਵੇ? ਭਾਬੀ ਨੇ ਅੱਡ ਕਰ ਦਿਤਾ ਹੈ, ਉਹ ਖਾਏਗਾ ਕੀ? ਕਿਹਦੇ ਕੋਲ ਜਾ ਕੇ ਰਹੇਗਾ? ਉਹਨੂੰ ਕਿਸੇ ਪਾਸੇ ਵੀ ਕੋਈ ਸਹਾਰਾ ਨਹੀਂ ਸੀ ਸੁਝ ਰਿਹਾ। ਅਜ ਉਹਨੇ ਰੋਟੀ ਬਣਾਉਣ ਦੀ ਕੋਸ਼ਸ਼ ਨਹੀਂ ਕੀਤੀ ਤੇ ਨ ਸਕੂਲੇ ਹੀ ਗਿਆ। ਅੰਦਰ ਵੜ ਕੇ ਲੰਮਾ ਪੈ ਰਿਹਾ।
ਖਬਰੇ ਅੰਦਰੇ ਅੰਦਰ ਹੀ ਰੋਂਦਿਆਂ ਰਹਿਣ ਕਰਕੇ, ਨਰਾਇਣੀ ਨੂੰ ਤਾਪ ਚੜ੍ਹ ਗਿਆਸੀ। ਦੁਪਹਿਰ ਨੂੰ ਦਿੰਗਬਰੀ ਨੇ ਇਕ ਕੌਲ ਦੁੱਧ ਦਾ ਲਿਆ ਕੇ ਆਖਿਆ, ਪੀਣਾ ਹੀ ਪਏਗਾ। ਬਿਨਾਂ ਖਾਧੇ ਪੀਤੇ ਕਿੱਦਾਂ ਸਹੇਂਗੀ। ਨਰਾਇਣੀ ਨੇ ਦਿਗੰਬਰੀ ਦੀ ਮੰਨਦਿਆਂ ਹੋਇਆਂ ਦੁੱਧ ਦਾ ਕਟੋਰਾ ਹਥ ਵਿਚ ਲੈ ਲਿਆ ਤੇ ਥੋੜਾ ਜਿਹਾ ਪੀ ਕੇ ਬਾਕੀ ਥੱਲੇ ਰਖ ਦਿਤਾ, ਫੇਰ ਉਹ ਪਾਸਾ ਮੋੜ ਕੇ ਸੌਂ ਰਹੀ, ਉਹਨੂੰ ਨਾਂ ਨਾਂ ਕਹਿਣੀ ਵੀ ਬੁਰੀ ਜਹੀ ਜਾਪਣ ਲੱਗੀ।