(੧੨੦)
ਸਨ। ਅਜ ਖਾਸ ਕਰ ਮੀਂਹ ਵਰ੍ਹਦਾ ਹੋਣ ਕਰਕੇ ਜਿਹੜਾ ਕੋਈ ਇਕ ਅੱਧਾ ਸੌਣ ਲਈ ਆ ਜਾਂਦਾ ਸੀ, ਉਹ ਵੀ ਨ ਆਇਆ।
ਬਾਹਰ ਛੱਜੀਂ ਖਾਰੀ ਮੀਂਹ ਪੈ ਰਿਹਾ ਸੀ ਤੇ ਅੰਦਰ ਸਲੋਚਨਾ ਆਪਣੇ ਮਰੇ ਹੋਏ ਪਤੀ ਪਾਸ ਬੈਠੀ ਪੱਥਰ ਦਾ ਬੁੱਤ ਬਣੀ ਹੋਈ ਸੀ। ਦਿਨ ਚੜ੍ਹੇ ਲੋਕ ਆਏ ਤੇ ਮ੍ਰਿਤਕ ਸਰੀਰ ਨੂੰ ਫੱਟੇ ਤੇ ਪਾ ਕੇ, 'ਹਰਿਕਾ ਰਾਮ ਨਾਮ ਸੱਤ ਹੈ, ਸ੍ਰੀ ਰਾਮ ਨਾਮ ਸੱਤ ਹੈ', ਆਖਦੇ ਹੋਏ ਮੜ੍ਹੀਆਂ ਵਿਚ ਲੈ ਗਏ। ਜ਼ਨਾਨੀਆਂ ਰਿਵਾਜ ਅਨੁਸਾਰ ਸਿਆਪੇ ਬਹਿ ਗਈਆਂ।
ਸਲੋਚਨਾ ਦੇ ਕੋਲ ਜਾਇਦਾਦ ਦੀ ਸ਼ਕਲ ਵਿਚ ਇਕ ਬਗੀਚਾ ਹੀ ਸੀ। ਗੁਆਂਢੀਆਂ ਦੀ ਮਦਦ ਨਾਲ ਸੌ ਰੁਪੈ ਤੋਂ ਵੇਚ ਕੇ ਪਤੀ ਦੀ ਯਥਾ ਸ਼ਕਤ ਸਤਾਰ੍ਹਵੀਂ ਕੀਤੀ ਤੇ ਆਪ ਚੁਪ ਕਰਕੇ ਬਹਿ ਗਈ। ਲੜਕੀ ਨੇ ਪੁੱਛਿਆ ਮਾਂ ਹੁਣ ਕੀ ਹੋਵੇਗਾ?
'ਡਰ ਕੀ ਹੈ ਬੱਚੀ ਭਗਵਾਨ ਤਾਂ ਰਾਖਾ ਈ ਹੈ।'
ਸਤਾਰ੍ਹਵੀਂ ਦੇ ਪਿਛੋਂ ਜੋ ਕੁਝ ਬਚਿਆ ਸੀ, ਉਸ ਨਾਲ ਇਕ ਮਹੀਨਾਂ ਤਾਂ ਲੰਘ ਗਿਆ ਉਸ ਦੇ ਪਿਛੋਂ ਇਕ ਦਿਨ ਕੋਈ ਵਾਹ ਨ ਜਾਂਦੀ ਵੇਖ ਕੇ ਸਲੋਚਨਾ ਲੜਕੀ ਨੂੰ ਨਾਲ ਲੈਕੇ ਤੜਕੇ ਹੀ ਬੂਹੇ ਨੂੰ ਜੰਦਰਾ ਮਾਰ ਰਾਹ ਤੇ ਆ ਖਲੋਤੀ।
ਲੜਕੀ ਨੇ ਪੁੱਛਿਆ, ਕਿਥੇ ਜਾਏਂਗੀ ਮਾਂ?
ਮਾਂ ਨੇ ਆਖਿਆ, ਕਲਕੱਤੇ ਤੇਰੇ ਮਾਸੜ ਦੇ ਘਰ?
'ਮੇਰਾ ਮਾਸੜ ਕੌਣ ਹੈ ਮਾਂ?' ਅਗੇ ਤਾਂ ਕਦੇ ਤੂੰ ਉਸਦਾ ਨਾਂ ਨਹੀਂ ਲਿਆ?