ਹੇਮ ਨੇ ਆਖਿਆ, ਤੁਸੀਂ ਥਾਂ ਕੁਥਾਂ ਫਿਰਕੇ ਆਏ ਹੋਵੋਗੇ ਨਾਲੇ ਬ੍ਰਹਮ ਸਮਾਜੀ।
ਗੁਣੇਇੰਦ੍ਰ ਨੇ ਆਖਿਆ, ਤੁਹਾਡੀ ਨੌਕਿਰਆਣੀ ਮਾਨਦਾ ਜਦੋਂ ਆਉਂਦੀ ਹੈ, ਤੁਹਾਡਾ ਖਾਣਾ ਖਰਾਬ ਨਹੀਂ ਹੁੰਦਾ ਕੀ ਮੈ ਓਸ ਨਾਲੋਂ ਵੀ ਮਾੜਾ ਹਾਂ?
ਹੇਮ ਨੂੰ ਕੋਈ ਜਵਾਬ ਨ ਸੁਝਿਆ, ਹਸਕੇ ਕਹਿਣ ਲੱਗੀ ,ਚੰਗਾ ਆ ਜਾਓ ਮੈਂ ਖਾ ਲਿਆ ਹੈ,ਇਹ ਆਖਦੀ ਹੋਈ ਉਸਨੇ ਥਾਲੀ ਸਰਕਾ ਕੇ ਮੇਜ਼ ਥਲੇ ਰਖ ਦਿੱਤੀ।
ਨਹੀਂ ਨਹੀਂ ਤੁਸੀਂ ਖਾਓ ਮੈਂ ਕਪੜੇ ਬਦਲਕੇ ਆਉਂਦਾ ਹਾਂ, ਓਹਦੀ ਛਾਤੀ ਵਿੱਚ ਅੱਗ ਜਹੀ ਲਗ ਗਈ ਤੇ ਉਹ ਚਲਿਆ ਗਿਆ।
ਦੂਜੇ ਦਿਨ ਦਸ ਬਜੇ ਜਦ ਗੁਣੇਇੰਦ੍ਰ ਜਿਸ ਵੇਲੇ ਰੋਟੀ ਖਾਕੇ ਉਠਿਆ, ਪਤਾ ਨਹੀਂ ਹੇਮ ਕਿਥੋਂ ਦੌੜ ਕੇ ਆ ਗਈ ਤੇ ਉਸ ਦੀ ਥਾਲੀ ਵਿੱਚ ਖਾਣ ਬਹਿ ਗਈ। ਲਾਂਗਰੀ ਨੂੰ ਕਹਿਣ ਲੱਗੀ ਮੈਨੂੰ ਇਸੇ ਥਾਲੀ ਵਿੱਚ ਪਰੋਸ ਦੇਹ।
ਲਾਂਗਰੀ ਹੈਰਾਨ ਰਹਿ ਗ਼ਿਆ। ਕਹਿਣ ਲੱਗਾ ਇਹਦੇ ਵਿਚ ਤਾਂ ਬਾਬੂ ਹੋਰੀ ਹੁਣੇ ਖਾ ਕੇ ਗਏ ਹਨ।
ਹੇਮ ਨੇ ਆਖਿਆ, ਹਾਂ ਹਾਂ ਮੈਂ ਜਾਣਦੀ ਹਾਂ ਤੂੰ ਰੋਟੀ ਪਾ ਦਿਹ ਖਾਂ?
ਲਾਗਲੇ ਕਮਰੇ ਵਿੱਚ ਸਲੋਚਨਾ ਬੈਠੀ ਸੀ, ਸੁਣ ਕੇ ਆਈ ਤੇ ਕਹਿਣ ਲੱਗੀ, ਇਹ ਕੀ ਕਰਦੀ ਏਂ ਹੇਮ! ਇਹ ਤਾਂ ਗੁਣੀ ਦੀ ਜੂਠੀ ਥਾਲੀ ਹੈ, ਜਾਹ ਜਾਕੇ ਧੋਤੀ ਬਦਲ ਕੇ ਗੰਗਾ ਜਲ ਛਿੜਕ ਲੈ।