(੩੬)
ਚਿੱਕ ਪਿਛੇ ਬੈਠੀ ਰਾਧਾ ਰਾਣੀ ਆਏ ਗਏ ਨੂੰ ਵੇਖ ਰਹੀ ਹੈ। ਸਦੀਆਂ ਗਈਆਂ ਤਾਂ ਇਸਤਰੀਆਂ ਹਾਲੇ ਤੱਕ ਨਹੀਂ ਆਉਣ ਲੱਗੀਆਂ।
ਸਤੇਂਦ੍ਰ ਨੇ ਚੁੱਪ ਚਾਪ ਪਿੱਛੋਂ ਦੀ ਜਾ ਕੇ ਪੁਛਿਆ, 'ਆਪਣੇ ਧਿਆਨ ਕੀ ਵੇਖ ਰਹੇ ਹੋ?' ਰਾਧਾ ਰਾਣੀ ਨੇ ਆਪਣੇ ਸੁਆਮੀ ਦੇ ਮੂੰਹ ਵੱਲ ਵੇਖ ਕੇ ਆਖਿਆ, 'ਉਹ ਜੋ ਸਾਰੇ ਲੋਕੀ ਵੇਖਣ ਆ ਰਹੇ ਹਨ। ਜੋ ਬਾਈ ਜੀ ਆਏ ਹੋਏ ਹਨ, ਉਹਨਾਂ ਦੀ ਸਜ ਧੱਜ ਵੇਖ ਰਹੀ ਹਾਂ। ਪਰ ਤੁਸੀ ਅਚਨਚੇਤ ਇਥੇ ਕਿਦਾਂ ਆ ਗਏ ਹੋ?'
ਸੁਆਮੀ ਨੇ ਹੱਸਦਿਆਂ ੨ ਜਵਾਬ ਦਿੱਤਾ, 'ਤੁਸੀਂ ਇਥੇ ਇਕੱਲੇ ਬੈਠੇ ਹੋ ਇਸ ਕਰਕੇ ਕੁਝ ਗੱਲ ਬਾਤ ਕਰਨ ਆ ਗਿਆ ਹਾਂ।'
'ਚਲੇ ਜਾਓ।'
'ਸੱਚ ਆਖਦੀ ਏਂ?' ਚੰਗਾ ਇਹ ਤਾਂ ਦੱਸ ਕਿ ਇਹਨਾਂ ਸਾਰੀਆਂ ਵਿਚੋਂ ਤੈਨੂੰ ਕਿਹੜੀ ਪਸੰਦ ਹੈ?
ਰਾਧਾ ਨੇ 'ਉਹ' ਆਖ ਕੇ ਉਸ ਇਸਤਰੀ ਵੱਲ ਇਸ਼ਾਰਾ ਕੀਤਾ ਜੋ ਸਭ ਤੋਂ ਪਿੱਛੇ ਸਾਦਾ ਜਹੇ ਕਪੜੇ ਪਾਈ ਬੈਠੀ ਸੀ।
ਸਤੇਂਦ੍ਰ ਨੇ ਆਖਿਆ, 'ਇਹ ਤਾਂ ਬਹੁਤ ਮਾੜੀ ਜਹੀ ਤੇ ਰੋਗਣ ਜਹੀ ਹੈ।'
'ਕੁਝ ਵੀ ਹੋਵੇ, ਪਰ ਸਾਰਿਆਂ ਨਾਲੋਂ ਸੋਹਣੀ ਉਹੋ ਈ ਹੈ। ਵਿਚਾਰੀ ਗਰੀਬ ਮਲੂਮ ਹੁੰਦੀ ਹੈ। ਇਸੇ ਕਰਕੇ ਸਰੀਰ ਉਤੇ ਦੂਜਿਆਂ ਵਰਗੇ ਗਹਿਣੇ ਨਹੀਂ ਹਨ।