ਪੰਨਾ:ਅੰਧੇਰੇ ਵਿਚ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੦)

ਖਰਲੇ ਵਿਚ ਰੱਖੀ ਹੋਈ ਜੇ ਤਾਂ ਨਾਲ ਲੈ ਜਾਓ, ਇਹ ਸ਼ਤਾਨ ਦੀ ਟੂਟੀ ਜੋ ਆਖ ਗਿਆ ਹੈ ਜਰੂਰ ਕਰਕੇ ਛੱਡੇਗਾ।

ਡਾਕਟਰ ਨੇ ਹੱਥੋਂ ਕੰਡਾ ਰੱਖਦੇ ਹੋਏ ਨੇ ਕਿਹਾ, ਮੈਂ ਹੁਣੇ ਹੀ ਠਾਣੇ ਜਾ ਕੇ ਰਪੋਟ ਲਿਖਵਾਨਾ ਹਾਂ ਤੁਸੀਂ ਸਾਰੇ ਗੁਆਹ ਬਣੇ ਰਹਿਣਾ।

ਜਿਹੜਾ ਬੁੱਢਾ ਪਹਿਲਾਂ ਸਮਝਾ ਰਿਹਾ ਸੀ, ਉਹੋ ਹੀ ਬੋਲਿਆ, ਗੁਆਹ! ਕੌਣ ਗੁਆਹੀ ਦੇਵੇਗਾ? ਕੁਨੈਨ ਖਾ ਖਾ ਮੇਰੇ ਤਾਂ ਕੰਨ ਸ਼ਾਂ ਸ਼ਾਂ ਕਰ ਰਹੇ ਹਨ। ਰਾਮ ਬਾਬੂ ਕੀ ਆਖ ਗਏ ਹਨ, ਇਹ ਤਾਂ ਸੁਣਿਆਂ ਈ ਨਹੀਂ। ਪੁਲਸ ਵਾਲੇ ਕੀ ਕਰਨਗੇ? ਵੇਖਣ ਨੂੰ ਤਾਂ ਉਹ ਛੋਟਾ ਜਿਹਾ ਛੋਕਰਾ ਹੈ, ਪਰ ਉਹਦੇ ਸਾਥੀ ਲਫੰਗੇ ਬਹੁਤ ਹਨ। ਜੇ ਉਹ ਤੁਹਾਨੂੰ ਘਰ ਵਿਚ ਹੀ ਬੰਦ ਕਰਕੇ ਸਾੜ ਦੇਣ ਤਾਂ ਠਾਣੇ ਵਾਲੇ ਫੇਰ ਵੇਖਣ ਆਉਣਗੇ। ਗੁਆਹੀ ਗੁਹੀ ਸਾਥੋਂ ਵੀ ਨਹੀਂ ਦਿੱਤੀ ਜਾਣੀ। ਉਹਦੇ ਨਾਲ ਕੌਣ ਵਿਗਾੜੇ ? ਚੰਗੀ ਗਲ ਤਾਂ ਇਹ ਹੈ ਕਿ ਜਿਦਾਂ ਉਹ ਆਖ ਗਿਆ ਹੈ ਉਸੇ ਤਰ੍ਹਾਂ ਕਰ ਦਿਉ। ਜ਼ਰਾ ਮੇਰੀ ਵੱਲ ਵੀ ਝਾਤੀ ਪਾਉਣੀ, ਕੁਝ ਖਾਵਾਂ ਪੀਵਾਂ ਕਿ ਨਾਂ?

ਡਾਕਟਰ ਸਾਹਿਬ ਨੂੰ ਅੱਗੇ ਹੀ ਸੱਤੀਂ ਕਪੜੀਂ ਅੱਗ ਲੱਗੀ ਹੋਈ ਸੀ। ਬੁੱਢੇ ਵੱਲ ਝਾਤੀ ਮਾਰਨ ਦੀ ਗੱਲ ਨੇ ਹੋਰ ਬਲਦੀ ਤੇ ਤੇਲ ਪਾ ਦਿਤਾ। ਕੜਕ ਕੈ ਬੋਲੇ, 'ਗੁਆਹੀ ਦੇਣ ਲਗਿਆਂ ਸੂਲ ਹੁੰਦਾ ਹੈ, ਚਲੋ ਇਥੋਂ ਨਿਕਲ ਜਾਓ। ਮੈਂ ਕਿਸੇ ਨੂੰ ਕੋਈ ਦਵਾ ਨਹੀਂ ਦੇਂਦਾ। ਵੇਖਾਂਗਾ ਕਿ ਤੁਸੀਂ ਲੋਕ ਕਿੱਦਾਂ ਕੁੱਤੇ ਦੀ ਮੌਤ ਮਰਦੇ ਹੋ।