ਪੰਨਾ:ਅੰਧੇਰੇ ਵਿਚ.pdf/58

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬੦)

ਨਰਾਇਣੀ ਕਹਿਣ ਲੱਗੀ ਆਂਢ ਗੁਆਂਢ ਮੇਰਾ ਲਾਡ ਪਿਆਰ ਹੀ ਵੇਖਦੇ ਹਨ ਜੋ ਮੈਂ ਅੰਦਰੋ ਅੰਦਰ ਉਸ ਦੀਆਂ ਰੇਂਝਾਂ ਪੀਂਦੀ ਹਾਂ ਉਹ ਕੋਈ ਨਹੀਂ ਵੇਖਦਾ। ਤੂੰ ਤਾਂ ਸਭ ਕੁਝ ਜਾਣਦੀ ਏਂ, ਸਵੇਰੇ ਇਕ ਪੈਰ ਤੇ ਖਲੋਤਾ ਕਿੰਨਾ ਚਿਰ ਰੋਂਦਾ ਰਿਹਾ ਸੀ। ਛੱਪੜ ਦੇ ਸੜੇ ਹੋਏ ਪਾਣੀ ਵਿਚੋਂ ਨ੍ਹਾ ਆਇਆ ਹੈ ਖਬਰੇ ਬੀਮਾਰ ਹੋ ਜਾਏਗਾ ਜਾਂ ਕੀ ਹੋਵੇਗਾ, ਇਸਦੇ ਪਿਛੋਂ ਤੇਰਾ ਕੀ ਇਰਾਦਾ ਸੀ ਕਿ ਮੈਂ ਭੁੱਖਾ ਹੀ ਸਕੂਲ ਭੇਜ ਦਿੰਦੀ ? ਘਰ ਬਾਹਰ ਰੋਜ਼ ਦੀ ਬੁਰਾਈ, ਮੈਥੋਂ ਨਹੀਂ ਸਹਾਰੀ ਜਾਂਦੀ ।

ਇਹ ਆਖਦਿਆਂ ੨ ਉਸਦਾ ਬੋਲ ਬੰਦ ਹੋ ਗਿਆ, ਅੱਖਾਂ ਭਰ ਆਈਆਂ ਉਹਨੇ ਲੀੜੇ ਦੇ ਪੱਲੇ ਨਾਲ ਅੱਖਾਂ ਪੂੰਝ ਲਈਆਂ । ਟਹਿਲਣ ਨੂੰ ਕੀ ਪਤਾ ਸੀ ਕਿ ਕੱਲ ਰਾਤ ਨੂੰ ਪਤੀ ਪਤਨੀ ਵੀ ਇਸੇ ਗਲ ਤੋਂ ਲੜ ਭਿੜ ਚੁਕੇ ਹਨ, ਬੜੀ ਸ਼ਰਮਸਾਰ ਤੇ ਦੁਖੀ ਹੋ ਕੇ ਟਹਿਲਣ ਨੇ ਅਖਿਆ. 'ਰੋਂਦੀ ਕਿਉਂ ਏਂ ਬੀਬੀ ਜੀ, ਮੈਂ ਕੋਈ ਬੁਰੀ ਗਲ ਤਾਂ ਆਖੀ ਨਹੀਂ ਲੋਕ ਆਖਦੇ ਸਨ, ਇਸ ਗੱਲੋਂ ਬੱਚਣ ਲਈ ਜ਼ਰਾ ਆਖ ਦਿੱਤਾ ਹੈ।

ਨਰਾਇਣੀ ਨੇ ਅੱਖਾਂ ਪੂੰਝ ਕੇ ਆਖਿਆ,'ਰੱਬ ਸਾਰਿਆਂ ਆਦਮੀਆਂ ਨੂੰ ਇਕੋ ਜਿਹਾ ਨਹੀਂ ਬਣਾਉਂਦਾ। ਮੁੁੰਡਾ ਹੈ ਈ ਬੜਾ ਸ਼ਰਾਰਤੀ ਤਾਂ ਹੀ ਤਾਂ ਮੈਨੂੰ ਹਾਰੀ ਸਾਰੀ ਦੀ ਸੁਣਨੀ ਪੈਂਦੀ ਹੈ। ਪਰ ਲਾਡ ਪਿਆਰ ਦਾ ਉਲਾਮਾਂ ਲੌਕ ਕਿਉਂ ਦਿੰਦੇ ਹਨ? ਕੀ ਲੋਕਾਂ ਦੀ ਮਰਜ਼ੀ ਇਹ ਹੈ ਕਿ ਮੈਂ ਉਹਦੇ ਟੁਕੜੇ ਕਰ ਕੇ ਦਰਿਆ ਵਿਚ ਰੋੜ੍ਹ ਦੇਵਾਂ ?