ਪੰਨਾ:ਅੱਗ ਦੇ ਆਸ਼ਿਕ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੋਪੀਏ ਵਿਚ ਢੀਮ ਪਾਉਂਦਿਆਂ ਮਣ੍ਹੇ ਵਲ।

ਪ੍ਰੀਪਾਲ ਨੂੰ ਮੱਕੀ 'ਚੋਂ ਨਿਕਲੀ ਵੇਖ ਕੰਵਰ-ਰਾਜ ਨੇ ਘੋੜੀ ਨੂੰ ਅੱਡੀ ਲਾਈ ਅਤੇ ਉਹਦੇ ਲਾਗੇ ਆਣ ਉਹਦਾ ਰਾਹ ਰੋਕ ਲਿਆ।

'ਸ਼ਿਵਦੇਵ ਕਿਥੇ ਆ?'

'ਮੈਨੂੰ ਕੀ ਪਤਾ; ਤੂੰ ਜਾਣ ਤੇ ਉਹ ਜਾਣੇ।' ਆਖਦੀ ਪ੍ਰੀਪਾਲ ਅਗੇ ਤੁਰ ਪਈ।

'ਗਲ ਤਾਂ ਸੁਣ।'

'ਹਾਂ, ਕੀ ਗੱਲ ਆ, ਪਿਛੇ ਭੌਂ ਕੇ ਵੇਂਹਦਿਆਂ ਪ੍ਰੀਪਾਲ ਨੇ ਪੁਛਿਆ। ਉਹਦੇ ਭਰਵਟਿਆਂ ਵਿਚਕਾਰ ਤਿਊੜੀਆਂ ਦੀ ਧੁਬੜੀ ਬਣ ਗਈ ਅਤੇ ਅੱਖਾਂ ਇਕ ਤਰ੍ਹਾਂ ਗੁਸੇ ਵਿਚ ਲਾਲ ਹੋ ਗਈਆਂ।

'ਪਰ ਤੂੰ ਐਨੀ ਖ਼ਫ਼ਾ ਕਿਉਂ ਹੋ ਗਈ ਏ?.....ਘੂਰੀਆਂ ਤੇਰੇ ਮੂੰਹ 'ਤੇ ਨਹੀਂ ਸ਼ੋਭਦੀਆਂ।'

'ਭੌਂਕ ਨਾ ਬਹੁਤਾ', ਕਹਿੰਦਿਆਂ ਉਹ ਕੰਨ ਵਲ੍ਹੇਟ ਅਗੇ ਤੁਰ ਪਈ।

'ਉਏ ਹੋਏ!......ਉਏ ਹੋਏ!! ਕੰਵਰ ਮੁਸਕਰਾਉਂਦਾ ਹੋਇਆ ਧੌਣ ਮੋੜ ਕੇ ਤੁਰੀ ਜਾਂਦੀ ਪ੍ਰੀਪਾਲ ਵਲ ਵੇਂਹਦਾ ਰਿਹਾ।

'ਹਲਾ......ਅੱਤ। ਮਣ੍ਹੇ 'ਤੇ ਚੜ੍ਹ ਗੋਪੀਏ ਨਾਲ ਢੀਮ ਚੜ੍ਹਾਉਂਦਿਆਂ ਸਰਵਣ ਨੇ ਹਾਕ ਮਾਰੀ। ਸਰਵਣ ਦੀ ਅਵਾਜ਼ ਸੁਣ, ਕੰਵਰ ਸੁਚੇਤ ਹੋ ਗਿਆ। ਉਹਦੀ ਘੋੜੀ ਡੰਡੀਏ ਡੰਡੀਏ ਸਰਵਣ ਦੀ ਮੱਕੀ ਵਿਚੋਂ ਦੀ ਲੰਘ ਰਹੀ ਸੀ। ਸਰਵਣ ਦੇ ਲਾਗੋਂ ਦੀ ਲੰਘਦਿਆਂ ਕੰਵਰ ਨੇ ਖੰਘੂਰਾ ਮਾਰਿਆ। ਸਰਵਣ ਨੇ ਉਹਦੇ ਵਲ ਵੇਖਿਆ। ਉਹਦੀ ਨੁਕਰੀ ਜਿਹੀ ਮੁਸਕਰਾਹਟ ਅਤੇ ਟੀਰੀ ਨਜ਼ਰ ਸਰਵਣ ਦੇ ਰੋਮ ਰੋਮ ਨੂੰ ਵਿੰਨ੍ਹ ਗਈ।

੧੦੭