ਪੰਨਾ:ਅੱਗ ਦੇ ਆਸ਼ਿਕ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਤੇ ਉਂਗਲ ਰਖ ਬੈਠ ਗਈ।

'ਸੁਣਾ, ਤੇਰੇ ਵੀਰ ਦਾ ਕੋਈ ਸੁਖ-ਸੁਨੇਹਾ ਨਹੀਂ ਆਇਆ', ਝਿੱਜਕਦੀ ਝਿੱਜਕਦੀ ਨੇ ਪੁੱਛ ਈ ਲਿਆ।

'ਆਈ ਸੀ ਚਿੱਠੀ; ਲਿਖਿਆ ਸੀ, 'ਸਾਡੀ ਪਲਟਣ ਬਰਮਾਂ 'ਚ ਲੜਨ ਜਾ ਰਹੀ ......ਬੇਬੇ ਜੀ ਨੂੰ ਨਾ ਦੱਸਣਾ ....।'

'ਤੇ ਮੈਨੂੰ?'

'ਤੁਹਾਡੇ ਬਾਰੇ ਲਿਖਿਆ ਸੀ... ਜਾ ਕੇ ਦਲਾਸਾ ਦੇ ਆਈਂ, ਬਈ, ਮੈਂ ਛੇਤੀ ਹੀ ਆ ਜਾਊਂ।'

ਕੇਸਰੋ ਦੇ ਭਰਵੱਟੇ ਹਿਲ ਨਹੀਂ ਸਨ ਰਹੇ ਅਤੇ ਅੱਖਾਂ ਦੀਆਂ ਪੁਤਲੀਆਂ ਪੰਜਵੇਂ ਸਥਿਰ ਹੋ ਗਈਆਂ ਸਨ। ਉਹ ਕਿਸੇ ਡੂੰਘੀ ਸੋਚ ਵਿਚ ਗੁਆਚ ਗਈ। ਹਰਮੀਤ ਘੁਟ ਘੁਟ ਕਰਕੇ ਦੁਧ ਪੀ ਜਾਂਦਾ ਸੀ।

ਪਵਿੱਤਰ ਰੋਜ਼ ਵਾਂਗ ਕੋਠੇ 'ਤੇ ਚੜੀ ਅਤੇ ਆਦਤ ਅਨੁਸਾਰ ਪਿਛਵਾੜੇ ਝਾਤੀ ਮਾਰੀ। ਗਭਰੂ ਦਾ ਗਠਵਾਂ ਸਰੀਰ 'ਤੇ ਭੋਲਾ-ਭਾਲਾ ਲੰਮੂਤਰਾ ਮੂੰਹ, ਤਿੱਖੇ ਤਿੱਖੇ ਨਕਸ਼ਾਂ ਨਾਲ ਫੱਬ ਫੱਬ ਪੈਂਦਾ ਸੀ। ਪਵਿੱਤਰ ਨੂੰ ਉਹ ਬਹੁਤ ਪਿਆਰਾ ਪਿਆਰਾ ਲੱਗਾ ਅਤੇ ਉਹ ਇਕ ਹੱਥ ਢਾਕ 'ਤੇ ਰੱਖ ਦੂਜੇ ਨਾਲ ਦੰਦ ਲੁਕਾਉਂਦੀ ਕੇਸਰੋ ਦੇ ਵਿਹੜੇ ਵਲ ਝਾਕਣ ਲਗੀ। ਪਵਿੱਤਰ ਨੂੰ ਦਿਉਰ, ਭਰਜਾਈ ਦੀਆਂ ਗੱਲਾਂ 'ਚੋਂ ਇਕ ਸਰੂਰ ਜਿਹਾ ਆ ਰਿਹਾ ਸੀ।

'ਕੀ ਬਣਦਾ ਅੱਜ?' ਹੱਸਦੀ ਹੱਸਦੀ ਪਵਿੱਤਰ ਨੇ ਕੇਸਰੋ ਨੂੰ ਅਵਾਜ਼ ਦਿਤੀ। ਸ਼ਾਇਦ ਅਜਿਹਾ ਕਰਕੇ ਉਹ ਗਭਰੂ ਦਾ ਧਿਆਨ ਆਪਣੇ ਵੱਲ ਖਿੱਚਣਾ ਚਹੁੰਦੀ ਸੀ।

'ਦੇਰ ਆਇਆ ਈ ਭੈਣਾ ਵਰ੍ਹਿਆਂ ਪਿਛੋਂ,..... ਖਵਰੇ ਕਿਦਾਂ ਸਾਡਾ ਚੇਤਾ ਆ ਗਿਆ? ਆ ਜਾ ਉਤਰ ਆ।' ਕੇਸਰੋ ਨੇ ਸਿਰ ਉੱਤੇ ਹੱਥਾਂ ਦੀ ਕੜਿੰਗੜੀ ਪਾਉਂਦਿਆਂ ਕਿਹਾ।

੧੨੭