ਪੰਨਾ:ਅੱਗ ਦੇ ਆਸ਼ਿਕ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਵਰ, ਲੋਕਾਂ ਵਿਚ ਖਲੋਤਾ ਆਪਣੀ ਬਹਾਦਰੀ ਦੀਆਂ ਡੀਂਗਾ ਮਾਰ ਰਿਹਾ ਸੀ।

ਨਿਮੋਝੂਣ ਹੋਇਆ ਸਰਵਣ ਖੂਹ ਨੂੰ ਤੁਰ ਪਿਆ। ਊਂਧੀ ਪਾਈ ਤੁਰੇ ਜਾਂਦੇ ਸਰਵਣ ਨੂੰ ਲੱਗਾ ਜਿਵੇਂ ਉਹ ਦੀ ਆਪਣੀ ਆਤਮਾਂ ਉਹਨੂੰ ਧਰਿਕਾਰ ਰਹੀ ਹੋਵੇ। ਸ਼ਮੀਰੇ ਦੀ ਲਾਈ ਪਿੱਪਲੀ ਦੇ ਪੱਤੇ, ਸ਼ੂਕ ਰਹੇ ਸਨ। ਇੰਜ ਜਾਪਦਾ ਸੀ ਮਾਨੋ ਉਹ ਵੈਣ ਪਾ ਰਹੇ ਹੋਣ, ਕੁਰਲਾ ਰਹੇ ਹੋਣ। ਪਿੱਪਲੀ ਦੇ ਮੁਢ ਲਾਗੇ ਘੜੇ ਦੇ ਬੱਬਰ ਪਏ ਸਨ ਅਤੇ ਉਸ ਵਿਚਲਾ ਪਾਣੀ ਮੁਢੀ ਲਾਗੈ ਜੀਰ ਗਿਆ ਸੀ।

ਪਿੱਪਲੀ ਹੇਠ ਤਿੰਨ ਲਾਸ਼ਾਂ ਹੇਠ ਉਤੇ ਪਈਆਂ ਸਨ। ਖੈਰੂ ਅਤੇ ਰੇਸ਼ਮਾਂ ਦੀਆਂ ਲਾਸ਼ਾਂ ਅਲਫ ਨੰਗੀਆਂ ਸਨ, ਜਿਹਨਾਂ ਨੂੰ ਕੁਝ ਸ਼ਰਾਰਤੀ ਲੋਕਾਂ ਨੇ ਨੰਗਿਆਂ ਕਰਕੇ ਨਾਲ ਨਾਲ ਲਿਟਾ ਦਿਤਾ ਸੀ। ਦੋਵਾਂ ਦੇ ਹੇਠ ਨੂਰਾਂ ਦਾ ਸਰੀਰ ਦਬਿਆ ਪਿਆ ਸੀ। ਉਸਦੇ ਪੈਰਾਂ ਵਿਚ ਮਾਮੂਲੀ ਜਿਹੀ ਹਰਕਤ ਨੂੰ ਵੇਖ ਸਰਵਣ ਇਕ ਵਾਰ ਤਾਂ ਖੌਫ਼ ਖਾ ਗਿਆ, ਪਰ ਫਿਰ ਹੌਂਸਲਾ ਕਰਕੇ ਉਸ ਉਪਰ ਪਈਆਂ ਲਾਸ਼ਾਂ ਨੂੰ ਲਾਂਭੇ ਕਰ, ਹੇਠੋਂ ਨੂਰਾਂ ਨੂੰ ਕਢ ਲਿਆ।

ਲਹੂ ਨਾਲ ਲੇਥੂੰ ਪੇਥੂੰ ਨੂਰਾਂ ਇੰਜ ਜਾਪਦੀ ਸੀ, ਜਿਵੇਂ ਜੰਗਲੀ ਬਘਿਆੜ ਉਸਦੇ ਮਾਸ ਨੂੰ ਨੋਚਦੇ ਰਹੇ ਹੋਣ। ਉਹਦੀ ਅਕਲ ਫਿਕਰ ਵਿਚ ਕੁਝ ਨਹੀਂ ਸੀ ਆਉਂਦਾ ਕਿ ਉਹ ਕੀ ਕਰੇ। ਹੌਂਸਲਾਂ ਕਰਕੇ ਉਸ ਨੂਰਾਂ ਨੂੰ ਅਡੋਲ ਚੁਕਿਆ ਅਤੇ ਪੱਠਿਆਂ ਦੇ ਕੁਆਣੇ ਵਿਚ ਲਿਟਾ ਕੇ, ਉਪਰ ਬੱਲਦਾਂ ਦੇ ਝੂਲ ਦੇ ਦਿਤੇ। ਪੱਗ ਲਾਹ ਕੇ ਟਿੰਡਾਂ ਵਿਚੋਂ ਗਿਲਿਆਂ ਕੀਤਾ ਅਤੇ ਗਿਲੀ ਪੱਗ ਨੂੰ ਨੂਰਾਂ ਦੇ ਮੂੰਹ ਵਿਚ ਨਚੋੜਿਆ। ਪਾਣੀ ਦਾ ਘੁੱਟ ਗਰ, ਗਰ ਕਰਕੇ ਨੂਰਾਂ ਦੇ ਸੰਘੋ ਲੰਘ ਗਿਆ। ਸਰਵਣ ਨੂੰ ਕੁਝ ਧਰਾਸ ਹੋਇਆ। ਇਕ ਦੋ ਚੁਲੀਆਂ ਹੋਰ ਪਾਣੀ ਨੂਰਾਂ ਦੇ ਮੂੰਹ ਵਿਚ ਪਾਇਆ। ਗਿਲੀ ਪੱਗ ਨਾਲ ਉਸ ਨੂਰਾਂ ਦਾ ਮੀਹ ਪੂੰਝਿਆ। ਭਾਵੇਂ ਉਹਨੂੰ ਹੋਸ਼ ਤਾਂ ਨਹੀਂ ਸੀ ਆ ਰਹੀ, ਪਰ ਉਸਦੇ ਬਚ ਜਾਣ ਦੀ ਗਲ ਯਕੀਨੀ ਸੀ।

੧੨੩