ਪੰਨਾ:ਅੱਗ ਦੇ ਆਸ਼ਿਕ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਸਕਦਾ......ਮੈਂ ਇਸਨੂੰ..', ਤੇ ਉਹਨੂੰ ਆਪਣੇ ਦਿਮਾਗ ਵਿਚ ਖਿਆਲਾਂ ਦਾ ਭੜਥੂ ਪਿਆ ਲੱਗਾ। ਕੋਈ ਵੀ ਤਾਂ ਰਸਤਾ ਉਹਨੂੰ ਨਜ਼ਰੀਂ ਨਹੀਂ ਸੀ ਆਉਂਦਾ। ਮੈਂ ਨੂਰਾਂ ਨਾਲ ਸਲਾਹ ਕਰਾਂਗਾ ...ਮੈਂ ਉਹਦੇ ਵਿਚਾਰਾਂ ਤੋਂ ਜਾਣੂ ਹੋਵਾਂਗਾ, ਤੇ ਉਹ ਅਚਾਨਕ ਇਕ ਹੰਭਲਾ ਮਾਰ ਕੇ ਮੰਜੀ ਉਤੇ ਉਠ ਬੈਠਾ।

ਅਮਰੋ ਅਤੇ ਪਵਿੱਤਰ, ਵਿਹੜੇ ਵਿਚ ਘੂਕ ਸੁੱਤੀਆਂ ਸਨ। ਨੂਰਾਂ ਨਿੱਤ ਵਾਂਗ ਸੁਫ਼ੇ ਦਾ ਬੂਹਾ ਮਾਰ ਅੰਦਰ ਸੁੱਤੀ ਹੋਈ ਸੀ। ਸਰਵਣ ਨੰਗੇ ਪੈਰੀਂ ਚੋਰਾਂ ਵਾਂਗ ਉਠਿਆ! ਦਰਵਾਜ਼ੇ 'ਤੇ ਉਗਲ ਦੇ ਨੌਂਹ ਨਾਲ ਠੱਕ ਤੱਕ ਕੀਤਾ।

'ਕੌਣ?' ਨੂਰਾਂ ਅਜੇ ਉਸਲ ਵੱਟ ਹੀ ਭੰਨ ਰਹੀ ਸੀ।

'ਸਰਵਣ', ਬੂਹੇ ਦੀ ਬੀਨੀ ਨਾਲ ਮੂੰਹ ਜੋੜ ਸਰਵਣ ਨੇ ਜਵਾਬ ਦਿੱਤਾ।

ਨੂਰਾਂ ਨੇ ਅਛੋਪਲੇ ਜਿਹੇ ਬੂਹੇ ਦਾ ਕੁੰਡਾ ਖੋਹਲ ਦਿਤਾ ਅਤੇ ਸਰਵਣ ਨੇ ਅੰਦਰ ਵੜ ਤਖ਼ਤੇ ਬੰਦ ਕਰ ਦਿੱਤੇ।

ਰਾਤ ਦੇ ਹਨੇਰੇ ਵਿਚ ਦੋਵੇਂ ਆਹਮੋ ਸਾਹਮਣੇ ਖੜੇ ਸਨ। ਰਾਤ ਦੀ ਚੁਪ-ਚਾਨ ਵਿਚ ਦੋਵਾਂ ਨੂੰ ਆਪਣੇ ਦਿਲਾਂ ਦੀ ਧੜਕਣ ਸੁਣਾਈ ਦੇ ਰਹੀ ਸੀ। ਪਤਾ ਨਹੀਂ ਕਿੰਨਾ ਸਮਾ ਉਹ ਅਬੋਲ ਖੜੇ ਰਹੇ। ਨੂਰਾਂ ਦਾ ਸਿਰ ਕਦ ਸਰਵਣ ਦੀ ਛਾਤੀ ਨਾਲ ਲੱਗਾ, ਦੋਵਾਂ ਨੂੰ ਕੋਈ ਪਤਾ ਨਹੀਂ ਸੀ।

'ਨੂਰਾਂ! ਮੰਜੀ ਟੋਹ ਕੇ ਨੂਰਾਂ ਨੂੰ ਬਹਾਲਦਿਆਂ ਸਰਵਣ ਨੂੰ ਜਾਪਿਆ ਜਿਵੇਂ ਉਹ ਸਾਹੋ ਸਾਹੀ ਹੋਇਆ ਹੋਵੇ। ਨੂਰਾਂ ਸਾਰੀ ਦੀ ਸਾਰੀ ਉਹਦੀ ਝੋਲੀ ਵਿਚ ਡਿੱਗੀ ਹੋਈ ਸੀ ਅਤੇ ਉਸਦਾ ਜਿਸਮ ਫੱਟੜ ਪੰਛੀ ਦੀ ਤਰ੍ਹਾਂ ਕੰਬ ਰਿਹਾ ਸੀ।

'ਮੈਂ ਤੇਰਾ ਵਿਆਹ ਕਰ ਦੇਣਾ ਚਾਹੁੰਨਾਂ, ਇਸ ਵਾਰ ਸਰਵਣ ਕੁਝ ਸੰਭਲਿਆ ਸੰਭਲਿਆ ਸੀ।

੧੨੭