ਪੰਨਾ:ਅੱਗ ਦੇ ਆਸ਼ਿਕ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰੀ ਸਤਿਆ ਖਿੱਚੀ ਗਈ। ਉਸ ਭੁੱਖੀਆਂ ਭੁੱਖੀਆਂ ਅੱਖਾਂ ਨਾਲ ਨੂਰਾਂ ਵਲ ਤਕਿਆ।

ਨੂਰਾਂ ਊਂਧੀ ਪਾ ਕੇ ਇਕ ਕਦਮ ਪਿੱਛੇ ਹਟ ਸੁਫੇ ਅੰਦਰ ਹੋ ਗਈ। ਸਰਵਣ ਉਸਲਵਟ ਭੰਨਦਾ, ਪਾਸਾ ਮੋੜ ਮੰਜੀ ਦੀ ਦੂਜੀ ਹੀਅ ਨਾਲ ਲਰ ਗਿਆ। ਬੇਚੈਨ ਅਤੇ ਤਰਲੋ-ਮੱਛੀ ਹੁੰਦਾ ਸਰਵਣ, ਕਦੀ ਸਿੱਧਾ ਕਦੀ ਮੂਧਾ ਹੋ ਰਿਹਾ ਸੀ।

ਨੂਰਾਂ, ਚੁੰਨੀ ਨੂੰ ਉਂਗਲ 'ਤੇ ਲਪੇਟਦੀ, ਫਿਰ ਦਰਵਾਜੇ ਵਿਚ ਆਣ ਖਲੋਤੀ। ਮਿੰਟ, ਦੋ ਮਿੰਟ, ਤਿੰਨ ਮਿੰਟ-ਤੇ ਫਿਰ ਜਿਵੇਂ ਖੜੀ ਖਲੋਤੀ ਝੁੰਜਲਾ ਗਈ ਹੋਵੇ। ਉਹ ਸਾਹ ਘੁੱਟੀ, ਦਬੇ ਪੈਰੀ ਸਰਵਣ ਦੀ ਸਰ੍ਹਾਂਦੀ ਪੱਬਾਂ ਭਾਰ ਬਹਿ, ਆਪਣੀਆਂ ਛਲੀਆਂ ਵਰਗੀਆਂ ਉਂਗਲਾਂ ਉਹਦੇ ਸਿਰ ਵਿਚ ਫੇਰਨ ਲਗੀ।

ਮਿੱਠੀ ਮਿੱਠੀ ਝਰਨਾਟ ਨੇ ਸਰਵਣ ਨੂੰ ਸਰੂਰ ਸਰੂਰ ਕਰ ਦਿਤਾ। ਉਸ ਆਕੜ ਭੰਨਦਿਆਂ, ਧੌਣ ਨੂੰ ਸਰ੍ਹਾਣੇ ਵਲ ਮੋੜਿਆ ਅਤੇ ਨੂਰਾਂ ਦੇ ਸਿਰ ਦੁਆਲੇ ਕੜਿੰਗੜੀ ਪਾ ਲਈ। ਨੂਰਾਂ ਦੀ ਅਲੂਈਂ ਗਲ੍ਹ, ਸਰਵਣ ਦੇ ਖਰ੍ਹਵੇ ਜਿਹੇ ਮੂੰਹ ਉਤੇ ਪਈ ਹੋਈ ਸੀ। ਦੋਵੇਂ ਇੰਜ ਅਹਿਲ, ਅਬੋਲ ਸਨ ਜਿਵੇਂ ਕਿਸੇ ਕੀਲ ਕੇ ਬੰਨ ਦਿੱਤਾ ਹੋਵੇ। ਦੋਵਾਂ ਦੇ ਭਖ਼ਦੇ ਜਿਸਮਾਂ ਦਾ ਸਾਹ ਇੰਜ ਲਗਦਾ, ਜਿਵੇਂ ਇਕੋ ਸਾਹ-ਰਗ ਵਿਚਦੀ ਆ ਰਿਹਾ ਹੋਵੇ।

'ਮੇਰੇ ਸਰਵਣ!'

'ਮੇਰੀ ਨੂਰੀ!'

'ਮੈਨੂੰ ਇਤਬਾਰ ਨਹੀਂ ਆਉਂਦਾ, ਮੇਰੀ ਕਿਸਮਤ ਸੱਚ-ਮੁੱਚ ਮੇਰੇ 'ਤੇ ਏਨੀ ਮਿਹਰਬਾਨ ਹੋਵੇਗੀ।

'ਇਰਾਦੇ ਦੀ ਦਿੜ੍ਹਤਾ, ਜ਼ਿੰਦਗੀ ਵਿਚ ਕੀ ਨਹੀਂ ਕਰਵਾ ਦਿੰਦੀ?'

'ਸਰਵਣ, ਮੈਨੂੰ ਲਗਦਾ, ਸਾਡਾ ਪਿਆਰ ਨੇਪਰੇ ਨਹੀਂ ਚੜ੍ਹਨਾ।

੧੩੪