ਪੰਨਾ:ਅੱਗ ਦੇ ਆਸ਼ਿਕ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭.

'ਕੱਖਾਂ ਨੂੰ ਚੁਆਤੀ ਨਾ ਲਾ ...... ਇਹ ਅੱਗ ਦਾ ਇਸ਼ਕ ਤੈਨੂੰ ਮਹਿੰਗਾ ਪੈਣਾ......ਆਪਣੀ ਔਕਾਤ ਵਲ ਵੇਖ, ਔਕਾਤ ਵਲ।' ਰਾਹੇ ਰਾਹ ਜਾਂਦਾ ਕੰਵਰ ਵਲ ਭੰਨ ਕੇ ਸਰਵਣ ਨੂੰ ਮਿਲਿਆ ਸੀ।

'ਖਲਵਾੜੇ ਫੂਕਣ ਵਾਲਿਆਂ ਨੂੰ ਈਂ ਕੱਖਾਂ ਨੂੰ ਚੁਆਤੀ ਲਾਉਣੀ ਆਉਂਦੀ......ਅੱਗ ਦੇ ਆਸਕ ਕਦੀ ਨਫ਼ਾ ਨੁਕਸਾਨ ਨਹੀਂ ਸੋਚਦੇ।' ਆਪਣੇ ਖੇਤ ਖਲੋਤਾ ਸਰਵਣ ਕੰਵਰ ਨਾਲ ਖੁੜ੍ਹਬ ਰਿਹਾ ਸੀ।

ਆਖਰ 'ਤੂੰ ਤੂੰ, ਮੈਂ ਮੈਂ' ਕਰਦੇ ਦੋਵੇਂ ਇਕ ਦੂਜੇ ਨੂੰ ਘੂਰਦੇ ਨੌਲੀਆਂ ਵਟਦੇ ਆਪ ਆਪਣੇ ਰਾਹੇ ਪੈ ਗਏ।

ਕੰਵਰ ਨੂੰ ਰਾਤ ਦੀ ਮਿਲੀ ਰਿਪੋਰਟ ਬਾਰੇ ਹੁਣ ਜ਼ਰਾ ਵੀ ਸ਼ੱਕ ਨਹੀਂ ਸੀ ਰਿਹਾ। ਖਲਵਾੜੇ ਨੂੰ ਅੱਗ ਲਵਾਉਣ ਦਾ ਉਹਦਾ ਪੋਲ ਖੁਲ੍ਹ ਗਿਆ ਸੀ। ਜ਼ਖਮੀ ਫਨੀਅਰ ਵਾਂਗ ਪੇਲਦਾ, ਜ਼ਹਿਰ ਉਗਲਦਾ ਉਹ ਘਰ ਆਣ ਵੜਿਆ, ਆਉਂਦੇ ਸਾਰ ਅਲਮਾਰੀ ਖੋਹਲੀ, ਸ਼ਰਾਬ ਦੀ ਬੋਤਲ ਕਢੀ ਅਤੇ ਢਕਣ ਖੋਹਲ, ਮੂੰਹ ਨਾਲ ਲਾ, ਗਟ ਗਟ ਗਟ ਕਰਕੇ ਦੇ ਚੱਪੇ ਖਾਲੀ ਕਰ ਦਿੱਤੀ।

੧੩੭