ਪੰਨਾ:ਅੱਗ ਦੇ ਆਸ਼ਿਕ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਮੇ ਨੂੰ ਪੰਜ ਸੱਤ ਗਾਹਲਾਂ ਕਢੀਆਂ ਅਤੇ ਫਿਰ ਉਹਦੇ ਕੰਨ ਵਿਚ ਕੁਝ ਸਮਝਾ ਕੇ ਬਾਹਰ ਤੋਰ ਦਿੱਤਾ।

ਹਨੇਰੀ ਸੁੰਨਸਾਨ ਰਾਤ ਸੀ। ਰੱਤੂ ਅਤੇ ਨਜੋ ਪੂਰੇ ਰਜੇ ਹੋਏ ਸਨ। ਕੰਵਰ ਦੀ ਹਵੇਲੀ ਦਾ ਦਰਵਾਜ਼ਾ ਖੁਲ੍ਹਿਆ ਅਤੇ ਉਹ ਦੋਵੇਂ ਦਬੇ ਪੈਰ ਗਲੀ ਵਿਚ ਨਿਕਲੇ। ਹਨੇਰੀ ਰਾਤ ਵਿਚ ਉਹਨਾਂ ਦੀਆਂ ਦੱਘਦੀਆਂ ਅੱਖਾਂ ਹਨੇਰਾ ਚੀਰਦੀਆਂ ਸੁੰਨਸਾਨ ਗਲੀ ਵਿਚ ਝਾਕਦੀਆਂ ਜਾਂਦੀਆਂ ਸਨ।

'ਕੋਣ ਏਂ?' ਬੂਹਾ ਖੜਕਦਾ ਸੁਣ ਸਰਵਣ ਅਭੜਵਾਹੇ ਉਠਿਆ। ਦਰਵਾਜਾ ਫਿਰ ਖੜਕਿਆ। ਸਰਵਣ ਅੱਧ-ਨੀਂਦਰੇ ਵਿਚ ਅੱਖਾਂ ਮਲਦਾ ਡਿਓੜੀ ਵਲ ਵਧਿਆ। ਦਰਵਾਜ਼ਾ ਹੋਰ ਜ਼ੋਰ ਦੀ ਖੜਕਿਆ ਅਤੇ ਫਿਰ ਹੋਰ ਜ਼ੋਰ ਦੀ। ਤਖ਼ਤਿਆਂ ਦੀ ਅਵਾਜ਼ ਸੁੱਤੇ ਹੋਏ ਪਿੰਡ ਵਿਚ ਬੜੀ ਉੱਚੀ ਜਾਪ ਰਹੀ ਸੀ।

'ਆਓ!' ਬਾਹਰ ਖੜੇ ਓਪਰੇ ਬੰਦਿਆਂ ਨੂੰ ਵੇਖ, ਖ਼ਤਰੇ ਨੂੰ ਭਾਂਪਦਿਆਂ ਉਸ ਬੂਹਾ ਬੰਦ ਕਰਨਾ ਚਾਹਿਆ।

ਨਜੋ ਨੇ ਫੁਰਤੀ ਨਾਲ ਉਹਦੀ ਵੀਣੀਓਂ ਫੜ ਲਿਆ। ਉਹਨਾਂ ਦੀ ਹਥੋਂ-ਪਾਹੀ ਤੋਂ ਭੈ-ਭੀਤ ਹੁੰਦਿਆਂ, ਅਭੜਵਾਹੇ ਜਾਗੀਆਂ ਨੂਰਾਂ ਅਤੇ ਪਵਿੱਤਰ ਦੀਆਂ ਡਾਡਾਂ ਨਿਕਲ ਗਈਆਂ। ਅਮਰੋ ਦਾ ਕਾਲਜਾ ਵੱਸ ਵਿਚ ਨਹੀਂ ਸੀ ਆਉਂਦਾ। ਉਹ ਮੰਜੀ 'ਤੋਂ ਉਠਦੀ ਉਠਦੀ ਫਿਰ ਮੰਜੀ ਉਤੇ ਡਿਗ ਪਈ। 'ਬਚਾਓ! ਬਚਾਓ!! ਲੋਕ ਮਾਰ ਸੁਟਿਆ।' ਦੀਆਂ ਅਵਾਜ਼ਾਂ ਪਿੰਡ ਦੀ ਸ਼ਾਂਤ ਫਿਜਾ ਵਿਚ ਖਿਲਰ ਗਈਆਂ। ਘਾਬਰੇ ਰੱਤੂ ਨੇ ਫਾਇਰ ਕਰ ਦਿਤਾ। ਉਹ ਤਾਂ ਪਹਿਲਾਂ ਈ ਇਸ ਕਹਿਰ ਲਈ ਤਿਆਰ ਖੜਾ ਸੀ। ਲੋਟਣੀਆਂ ਖਾਦਾ ਸਰਵਣ ਮੂਧੇ ਮੂੰਹ ਕੰਧ ਲਾਗੇ ਜਾ ਡਿਗਾ। ਰੋਲੇ ਦੀ ਅਵਾਜ਼ ਸੁਣ ਕੁੱਤਿਆਂ ਨੇ ਊਧਮ ਚੁੱਕ ਲਿਆ।

ਸਰਵਣ ਨੂੰ ਗੋਲੀ ਮਾਰਨ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਪਿੰਡ ਦੇ ਸਭ ਲੋਕ ਛਵ੍ਹੀਆਂ ਕੁਹਾੜੀਆਂ ਚੁੱਕ ਸਰਵਣ ਦੇ ਘਰ ਨੂੰ

੧੩੮