ਪੰਨਾ:ਅੱਗ ਦੇ ਆਸ਼ਿਕ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਯਾਰ, ਮਖ਼ ਕੀ ਦਸਾਂ, ਬਰਕਤੇ ਹੱਥ ਧੋ ਕੇ ਪਿਛੇ ਪੈ ਗਈ ਆ।' ਖੈਰੂ ਨੇ ਬਿਲੀ ਥੈਲਿਓਂ ਕਢ ਦਿਤੀ!

'ਕੀ ਆਂਹਦੀ ਆ?' ਸ਼ੁਮੀਰ ਨੇ ਥੋਹੜਾ ਮੁਸਕਰਾਉਂਦਿਆਂ ਉਤਸੁਕਤਾ ਨਾਲ ਪੁਛਿਆ।

'ਆਂਹਦੀ, ਬਸ ਸੋਹਣੀ ਆਂਗੂ ਭਾਵੇਂ ਕੱਚੇ 'ਤੇ ਤੁਰਨਾ ਪੈ ਜਾਏ, ਤਰਨਾ ਜਾਂ ਡੁਬਣਾ ਤੇਰੇ ਨਾਲੇ।'

ਬਰਕਤੇ, ਦਿੱਤ ਦੀ ਕੁੜੀ ਸੀ। ਉਹਦੀ ਮਾਂ ਉਹਦੇ ਬਚਪਨ ਵਿਚ ਹੀ ਅੱਲਾ ਨੂੰ ਪਿਆਰੀ ਹੋ ਗਈ ਸੀ। ਉਹਦੇ ਅੱਬਾ ਨੇ ਮਰਨ ਤਕ ਆਪਣੀ ਘਰ ਦੀ ਨਸੀਬਾਂ ਦੀ ਗਲ ਤੇ ਪਹਿਰਾ ਦਿਤਾ ਅਤੇ ਬਰਕਤੇ ਨੂੰ ਨਸੀਬਾਂ ਦੇ ਪਿਆਰ ਦੀ ਨਿਸ਼ਾਨੀ ਨੂੰ, ਗਲ ਨਾਲ ਲਾ ਕੇ ਪਾਲਿਆ ਅਤੇ ਮਰਨ ਵੇਲੇ ਆਪਣੇ ਇਕ ਇਕ ਛੜੇ-ਛਾਂਡ ਭਰਾ ਨੂੰ, ਭੇਡਾਂ ਦੇ ਇਜੜ ਸਮੇਤ ਬਰਕਤੇ ਦੀ ਵੀ ਸੌਂਪਣਾ ਕਰ ਕੇ ਅੱਖਾਂ ਮੀਟ ਗਿਆ। ਅਤੇ ਜਿੰਨਾ ਚਿਰ ਸੂਬੇ ਦੀ ਵਜ਼ਰ ਠੀਕ-ਠਾਕ ਰਹੀ, ਉਹਨੇ ਵੀ ਭਰਾ ਦੀ ਅਮਾਨਤ ਨੂੰ ਹਰ ਸੰਭਵ ਸੁਖ ਦਿਤਾ। ਪਰ ਹੁਣ ਜਦ ਉਹਦੀ ਇਕੋ ਇਕ ਰਹਿੰਦੀ ਅੱਖ ਦਾ ਨਜ਼ੀਰ ਵੀ ਵਹਿ ਗਿਆ ਤਾਂ ਬਰਕਤੇ ਲਈ ਵੀ ਸਾਰਾ ਜਹਾਨ ਹਨੇਰਾ ਹੋ ਗਿਆ। ਉਸ ਨਾਲ ਅਫਸੋਸ ਕਰਨ ਗਏ ਅਲੀ ਨੇ ਉਸਨੂੰ ਦਿਲਾਸਾ ਦੇਂਦਿਆਂ ਕਿਹਾ ਸੀ : 'ਤੂੰ ਫਿਕਰ ਨਾ ਕਰ। ਬਰਕਤੇ, ਖੇਰੂ ਨਾਲ ਭੇਡਾਂ ਚਾਰ ਲਿਆਇਆ ਕਰੂ ਅਤੇ ਔਖੀ-ਸੌਖੀ ਵੇਲੇ ਅਸੀਂ ਤੈਥੋਂ ਕਿਧਰੇ ਚੌੜੇ ਨਹੀਂ।' ਅਤੇ ਅਗਲੇ ਦਿਨ ਤੋਂ ਅਲੀ ਉਤੇ ਵਿਸ਼ਵਾਸ਼ ਕਰਦਿਆਂ, ਸੂਬੇ ਨੇ ਬਰਕਤੇ ਨੂੰ ਖੇਰੂ ਨਾਲ ਇੱਜੜ ਲੈ ਜਾਣ ਲਈ ਕਹਿ ਦਿੱਤਾ। ਉਸ ਦਿਨ ਤੋਂ ਹੀ ਉਹ ਦੋਵੇਂ ਇੱਜੜਾਂ ਨੂੰ ਰਾਜੇ ਦੀ ਰਖ਼ ਵਿਚ ਲੈ ਜਾਦੇ ਅਤੇ ਸ਼ਾਮ ਨੂੰ ਘਰ ਪਰਤਦੇ।

ਤੇ ਅੱਜ ਖੈਰੂ ਨੇ ਆਪਣਾ ਪਿਆਰ ਭੇਦ ਸ਼ੁਮੀਰ ਅਗੇ ਖੋਹਲ ਦਿਤਾ ਸੀ। ਖੈਰੂ ਨੇ ਸ਼ੁਮੀਰ ਨੂੰ ਇਹ ਵੀ ਦੱਸ ਦਿਤਾ ਕਿ ਰੇਸ਼ਮਾਂ, ਬਰਕਤੇ ਨੂੰ ਕਹਿੰਦੀ ਸੀ : 'ਮੇਰਾ ਜੀਅ ਕਰਦਾ ਏ, ਕਿਧਰੇ ਹਨੇਰੀ ਝੁਲ ਜਾਵੇ; ਸਭ ਕੁਝ ਤਬਾਹ ਹੋ ਜਾਵੇ,......ਬਸ ਮੈਂ ਹੋਵਾਂ ਤੇ ਜਾਂ ਫਿਰ......।'

੨੩