ਪੰਨਾ:ਅੱਗ ਦੇ ਆਸ਼ਿਕ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਠ ਬਹਿੰਦੀ।

ਮਾਇਆ ਦਈ ਨੂੰ ਚੁਬਾਰਿਆਂ ਵਿਚ ਆਉਣ ਜਾਣ ਵਾਲਿਆਂ ਦੀ ਐਨੀ ਚਿੰਤਾ ਨਹੀਂ ਸੀ, ਜਿੰਨੀ ਉਹਨੂੰ ਆਪਣੀ ਜਵਾਨ ਹੋ ਰਹੀ ਜਨਕ ਦੀ ਸੀ। ਉਹਨੂੰ ਰਣ ਸਿੰਘ ਦਾ ਦੂਜੇ ਚੌਥੇ ਬੋਤਲ ਲੈ ਕੇ ਘਰ ਆ ਜਾਣਾ ਜੱਚਦਾ ਨਹੀਂ ਸੀ। ਉਹ ਘੁਣ ਲਗੀ ਲਕੜੀ ਵਾਂਗ ਵਿਚੇ ਵਿਚ ਖੋਖਲੀ ਹੁੰਦੀ ਗਈ। ਗਲ ਚਬਾਰਿਆਂ ਅਤੇ ਬੇਗਮਾਂ ਤਕ ਸੀਮਤ ਰਹਿੰਦੀ ਤਾਂ ਸ਼ਾਇਦ ਉਹ ਦਰ ਗੁਜ਼ਰ ਕਰੀ ਜਾਂਦੀ, ਪਰ ਗਲ ਚੁਬਾਰਿਆਂ ਤੋਂ ਉਤਰ ਉਹਦੀ ਬੈਠਕ ਤੱਕ ਆਣ ਪਹੁੰਚੀ ਸੀ।

ਰਣ ਸਿੰਘ ਨੂੰ ਨਵਾਂ ਮਾਸ਼ੂਕ ਮਿਲ ਗਿਆ ਸੀ। ਬੇਗਮਾਂ ਨੂੰ ਉਹ ਗਲ ਘਟੂ ਬੇਰ ਵਰਗਾ ਲਗਣ ਲਗ ਪਿਆ, ਜਿਹੜਾ ਮੂੰਹ 'ਚ ਪਾਇਆਂ ਨਾ ਸੰਘ ਹੋਠਾਂ ਲੱਥਦਾ ਅਤੇ ਨਾ ਥੱਕਿਆ ਥੁਕਿਆ ਜਾਂਦਾ। ਇਸ ਲਈ ਉਹਨਾਂ ਰਣ ਸਿੰਘ ਦੀ ਕਿਸੇ ਵੀ ਗਲ ਨੂੰ ਸੂਟ ਪਾਉਣਾ ਮੁਨਾਸਬ ਨਾ ਸਮਝਿਆ। ਇਸ ਲਈ ਰਣ ਸਿੰਘ ਦੇ ਜੋਟੀਦਾਰ ਅਤੇ ਸਰਕਾਰੀ ਅਹਿਲਕਾਰ ਵੀ ਚੁਬਾਰਿਆਂ ਦੀ ਸ਼ਾਮੀ 'ਚ ਸ਼ਰੀਕ ਹੋਣ ਲਗ ਪਏ ਸਨ।

ਅਤੇ ਅਚਾਨਕ ਇਕ ਦਿਨ ਜਨਕੇ ਘਰ ਨਹੀਂ ਸੀ। ਮਾਇਆ ਦਈ ਨੇ ਬਥੇਰੇ ਘਏ ਦਿਤੇ, ਪਰ ਜਨਕੋ ਕਿਧਰੇ ਵੀ ਨਜ਼ਰੀਂ ਨਾ ਪਈ। ਜਨਕ ਦੇ ਗੁੰਮ ਹੋ ਜਾਣ ਦਾ ਚਰਚਾ ਘਰ ਘਰ ਹੋਣ ਲੱਗਾ। ਰਣ ਸਿੰਘ ਦੇ ਕਾਮੇ ਸਾਰੀ ਰਾਤ ਕੁੜੀ ਨੂੰ ਲਭਣ ਚੜੇ ਪਏ। ਉਹਨਾਂ ਨੇ ਰਾਜੇ ਦੀ ਬੀੜ ਤਕ ਸਾਰਾ ਪੱਤ ਪੱਤ ਛਾਣ ਮਾਰਿਆ। ਅਤੇ ਆਖਰ ਜਨਕ ਲੱਭ ਪਈ ਝਾੜ ਬੇਰੀ ਨਾਲ ਲਮਕਦੀ ਜਨਕੋ ਖਿੱਚੀ ਹੋਈ ਧੌਣ ਅਤੇ ਹੱਡੀਆਂ ਅੱਖਾਂ।

ਪੁਲਿਸ ਨੂੰ ਇਤਲਾਹ ਦਿਤੀ ਗਈ। ਪੋਸਟ ਮਾਰਟਮ ਹੋਇਆ। ਮਾਇਆ ਦਈ ਦਾ ਤੌਖਲਾ ਸੱਚ ਨਿਕਲਿਆ, ਕੁੜੀ ਗਰਭਵਤੀ ਸੀ। ਪੁਲਿਸ ਨੂੰ ਮਿਲ ਮਿਲਾ; ਰਣ ਸਿੰਘ ਨੇ ਮਾਮਲਾ ਆਇਆ ਗਿਆ ਕਰ ਦਿਤਾ।