ਪੰਨਾ:ਅੱਗ ਦੇ ਆਸ਼ਿਕ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧.

ਨੂਰਾਂ ਪਿੰਡ ਵਿਚੋਂ ਨਿਕਲੀ ਹੀ ਸੀ ਕਿ ਸਰਵਣ ਦੇ ਪਿੰਡੇ ਵਿਚ ਚਿਣਗਾਂ ਫੁੱਟਣ ਲਗੀਆਂ। ਉਹ ਜਦ ਵੀ ਉਹਨੂੰ ਤੱਕਦਾ ਸੀ, ਉਦੋਂ ਹੀ ਉਹ ਇਕ ਤਲਖ਼ੀ ਜਿਹੀ ਮਹਿਸੂਸ ਕਰਦਾ। ਮਨ ਵਿਚ ਕਈ ਢਾਹ ਉਸਾਰ ਕਰਦਾ, ਉਹਨੂੰ ਬੁਲਾਉਣ ਦੀਆਂ ਕਈ ਤਰਕੀਬਾਂ ਸੋਚਦਾ; ਪਰ ਜਦ ਉਹ ਲਾਗੇ ਆਉਂਦੀ ਤਾਂ ਉਹਦੇ ਬੁਲ੍ਹ ਬਸ ਫਰਕ ਕੇ ਹੀ ਰਹਿ ਜਾਂਦੇ। ਉਹ ਉਸਦੇ ਲੱਕ ਤੋਂ ਹੇਠਾਂ ਤਕ ਝੂਲਦੀ ਪਰਾਂਦੀ ਨੂੰ ਹੀ ਵਿੰਹਦਾ ਰਹਿੰਦਾ ਅਤੇ ਇਕ ਹੌਕਾ ਭਰ ਕੇ ਸੋਚਾਂ ਵਿਚ ਡੁੱਬ ਜਾਂਦਾ।

ਨੂਰਾਂ ਪੋਣੇ ਵਿਚ ਬੱਧੀ ਰੋਟੀ ਨੂੰ ਇਕ ਹੱਥ ਫੜੇ ਅਤੇ ਦੂਜੇ ਵਿਚ ਪਾਣੀ ਦੀ ਗੜਵੀ ਲੈ ਕੇ ਤੁਰੀ ਆਉਂਦੀ ਸੀ। ਉਹਨੂੰ ਪਿੰਡੋਂ ਨਿਕਲਦਿਆਂ ਤੱਕ ਕੇ ਹੀ ਉਹਦੇ ਕਲੇਜੇ ਵਿਚ ਵਿਚਾਰਾਂ ਦਾ ਇਕ ਝੁਲਕਾ ਜਿਹਾ ਫਿਰਿਆ। 'ਤੂੰ ਤੱਖੀਏ ਮੱਟੀਆਂ ਵੀ ਵਜਾਇਆ ਕਰੇਂਗਾ ਰਾਤ ਨੂੰ?' ਨੂਰਾਂ ਦੀ ਖੂਹ ਉਤੇ ਪੁਛੀ ਇਹ ਲਲ੍ਹੀ ਜਿਹੀ ਗੱਲ ਉਹਨੂੰ ਕਈ ਸਾਲਾਂ ਬਾਅਦ ਚੇਤੇ ਆਈ ਅਤੇ ਉਹ ਆਪ ਮੁਹਾਰੇ ਹੀ ਸਾਂਈ ਕਮਾਲ ਦੇ ਬੋਲਾਂ ਨੂੰ ਦੁਹਰਾਉਣ ਲੱਗਾ:-