ਪੰਨਾ:ਅੱਜ ਦੀ ਕਹਾਣੀ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਤ ਦੇ ਬਾਰਾਂ ਕੁ ਵਜੇ ਦਾ ਵਕਤ ਸੀ, ਕੰਮ ਜ਼ਿਆਦਾ ਹੋਣ ਕਰਕੇ ਮੇਰੀ ਡੀਊਟੀ ਕਾਰਖਾਨੇ ਵਿਚ ਚਾਰ ਤੋਂ ਬਾਰਾਂ ਵਜੇ ਤਕ ਲੱਗੀ ਹੋਈ ਸੀ। ਮੇਰਾ ਰਾਹ ਉਸ ਬਾਜ਼ਾਰ ਵਿਚੋਂ ਸੀ ਜਿੱਥੇ ਸੁਹੱਪਣ ਵੇਚ ਕੇ ਆਪਣਾ ਪੇਟ ਪਾਲਣ ਵਾਲੀਆਂ ਬੈਠੀਆਂ ਸਨ। ਹਾਂ ਉਹ, ਜਿਹੜੀਆਂ ਸਮਾਜ ਦੇ ਰੇਸ਼ਮੀ ਰੱਸੇ ਦੀ ਮਾਰ ਨਾ ਸਹਾਰਦੀਆਂ ਹੋਈਆਂ ਨਿਧੜਕ ਹੋ ਕੇ ਬਾਰੀ ਦੇ ਤਖਤੇ ਨਾਲ ਢੋ ਲਾ ਕੇ ਬੈਠੀਆਂ ਸਨ।

ਇਕ ਸ਼ਰਾਰਤੀ ਸਾਥੀ ਨੇ ਬਾਜ਼ਾਰ ਵਿਚੋਂ ਇਕ ਡਿੱਗੀ ਪਈ ਗਨੇਰੀ ਨੂੰ ਚੁੱਕ ਕੇ ਜ਼ੋਰ ਨਾਲ ਇਕ ਬਾਰੀ ਵਿਚ ਬੈਠੀ ਨੂੰ ਮਾਰ ਦਿੱਤੀ। ਉਪਰੋਂ ਇਸ ਦਾ ਉਤਰ ਮਿਲਣ ਤੋਂ ਪਹਿਲੋਂ ਹੀ ਅਸੀ ਕਾਫ਼ੀ ਦੂਰ ਪਹੁੰਚ ਗਏ ਸਾਂ।

ਦੂਸਰੇ ਦਿਨ ਜਦ ਅਸੀ ਉਸ ਬੈਠਕ ਦੇ ਥੱਲਿਓਂ ਲੰਘ ਰਹੇ ਸਾਂ ਤਾਂ ਇਕ ਭਰਿਆ ਹੋਇਆ ਪਾਣੀ ਦਾ ਡੋਲ ਕਿਸੇ ਨੇ ਰੋਹੜ ਦਿੱਤਾ| ਬਾਕੀ ਸਾਥੀ ਅੱਗੇ ਹੀ ਹੁਸ਼ਿਆਰ ਸਨ, ਬਚ ਗਏ, ਪਰ ਮੇਰੇ ਗਰਮ ਕੱਪੜੇ ਸਾਰੇ ਭਿੱਜ ਗਏ। ਮੈਂ ਉਪਰ ਤੱਕਿਆ ਤਾਂ ਇਕ ਇਸਤ੍ਰੀ ਖੜੀ ਹੱਸ ਰਹੀ ਸੀ। ਮੇਰੇ ਮੂੰਹ ਵਿਚੋਂ ਆਪਣੇ ਆਪ ਹੀ ਨਿਕਲ ਗਿਆ-"ਭੈਣ ਜੀ! ਆਪਣੇ ਵੀਰ ਤੇ ਭੀ?"

ਅਗੋਂ ਉਸੇ ਵੇਲੇ ਹੀ ਉਤਰ ਮਿਲਿਆ - "ਵੀਰ ਜੀ! ਮੈਂ ਭੁੱਲ ਗਈ!"

੧੦