ਪੰਨਾ:ਅੱਜ ਦੀ ਕਹਾਣੀ.pdf/20

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੀਆਂ ਅਖਾਂ ਵਿਚ ਗੁਸੇ ਨਾਲ ਅਥਰੂ ਆ ਗਏ, ਉਸ ਨੇ ਆਪਣੇ ਸਾਰੇ ਮਹੱਲੇ ਦੀਆਂ ਇਸਤ੍ਰੀਆਂ ਨੂੰ ਇਹ ਗਲ ਬੜੇ ਗੁਸੇ ਨਾਲ ਸੁਣਾਈ ਤੇ ਉਸ ਨੂੰ ਪੂਰੀ ਸ਼ਾਂਤੀ ਓਦੋਂ ਹੋਈ, ਜਦੋਂ ਆਖਣ ਵਾਲੀ ਨੇ ਹਥ ਜੋੜ ਕੇ ਮਾਫ਼ੀ ਨਾ ਮੰਗ ਲਈ।

ਉਸ ਨੇ ਆਪਣੀ ਰੀਝ ਨਾਲ ਬਣਾਏ ਹੋਏ ਗਹਿਣੇ ਤੇ ਜ਼ਰੀਦਾਰ ਕਪੜੇ ਬਸ਼ੀਰੇ ਦੀ ਵਹੁਟੀ ਜ਼ੁਹਰਾ ਨੂੰ ਪੁਆਏ, ਉਹ ਜ਼ੁਹਰਾ ਨੂੰ ਏਨਾ ਪਿਆਰ ਕਰਨ ਲਗ ਪਈ ਕਿ ਉਸ ਨੂੰ ਕਿਸੇ ਕੰਮ ਨੂੰ ਹਥ ਨਾ ਲਾਉਣ ਦੇਂਦੀ। ਉਸ ਨੇ ਦੋ ਸਾਲ ਜ਼ੁਹਰਾ ਨੂੰ ਪੀਹੜੇ ਤੇ ਬਿਠਾ ਕੇ ਰੀਝ ਲਾਹੀ। ਆਖਰ ਜਦ ਜ਼ੁਹਰਾ ਨੇ ਤੰਗ ਆ ਕੇ ਇਕ ਦਿਨ ਇਹ ਆਖਿਆ - "ਅੰਮਾਂ, ਜੇ ਤੂੰ ਮੈਨੂੰ ਕੋਈ ਕੰਮ ਨਹੀਂ ਕਰਨ ਦੇਵੇਂਗੀ ਤਾਂ ਮੈਂ ਆਪਣੇ ਅੱਬਾ ਕੋਲ ਚਲੀ ਜਾਵਾਂਗੀ" ਤਾਂ ਜ਼ੈਨਮ ਨੇ ਉਸ ਨੂੰ ਥੋੜਾ ਕੁ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ।

ਬਸ਼ੀਰ ਮੇਰਾ ਜਮਾਤੀ ਦੋਸਤ ਸੀ, ਇਸ ਲਈ ਉਹ ਮੈਨੂੰ ਭੀ ਬੜਾ ਪਿਆਰ ਕਰਦੀ। ਮਲੂੰਮ ਹੁੰਦਾ ਸੀ ਕਿ ਜਿਸ ਚੀਜ਼ ਨੂੰ ਬਸ਼ੀਰ ਪਿਆਰ ਕਰਦਾ ਸੀ, ਉਸੇ ਨੂੰ ਹੀ ਉਹ ਪਿਆਰ ਕਰਨਾ ਸ਼ੁਰੂ ਕਰ ਦੇਂਦੀ ਸੀ।

ਮੇਰਾ ਦੋਸਤ ਬਸ਼ੀਰ (ਖੁਦਾ ਉਸ ਨੂੰ ਬਹਿਸ਼ਤ ਵਿਚ ਵਾਸਾ ਦੇਵੇ) ਇਤਨਾ ਨੇਕ ਤੇ ਚੰਗੇ ਦਿਲ ਦਾ ਮਾਲਕ ਸੀ ਕਿ ਮੈਂ ਉਸ ਨੂੰ ਕਦੀ ਭੀ ਗੁਸੇ ਵਿਚ ਆਇਆ ਨਹੀਂ ਸੀ ਦੇਖਿਆ, ਉਹ ਕਦੀ ਵੀ ਕਿਸੇ ਨਾਲ ਲੜਨਾ ਤਾਂ ਇਕ ਪਾਸੇ ਰਿਹਾ, ਝਗੜਦਾ ਤਕ ਨਹੀਂ ਸੀ, ਉਸ ਦੀ ਮੁਹੱਬਤ ਜ਼ੈਨਮ ਨਾਲ ਇੰਨੀ ਸੀ ਕਿ ਉਹ ਬੈਠੀ ਹੋਈ ਐਨਮ ਦੀ ਗੋਦੀ

੧੯