ਤੇ ਇਕ ਦਿਨ ਮੈਂ ਆਪਣੀ ਸੱਸ ਨਾਲ ਜੀਤੋ ਦੇ ਵਿਆਹ ਬਾਰੇ ਗੱਲਾਂ ਸ਼ੁਰੂ ਕਰ ਦਿਤੀਆਂ।
ਉਹ ਆਖਣ ਲਗੀ - "ਅਜੇ ਤਕ ਕੋਈ ਵੀ ਮੁੰਡਾ ਸਾਡੇ ਪਸੰਦ ਦਾ ਨਹੀਂ ਮਿਲ ਸਕਿਆ ਮੈਂ ਤਾਂ ਚਾਹੁਣੀ ਹਾਂ ਕਿ ਜਲਦੀ ਹੀ ਇਹ ਕੰਮ ਸਿਰੇ ਚੜ੍ਹ ਜਾਏ, ਜੁਆਨ ਧੀਆਂ ਨੂੰ ਘਰ ਰਖਣਾ ਬਹੁਤ ਮੁਸ਼ਕਲ ਏ।
"ਤੁਸੀਂ ਕਿਹੋ ਜਿਹਾ ਮੁੰਡਾ ਲੱਭਦੇ ਹੋ, ਭਾਬੀ ਜੀ?"
"ਇਹੋ ਕੋਈ ਪੜ੍ਹਿਆ ਲਿਖਿਆ ਹੋਵੇ, ਤੂੰ ਹੀ ਦੱਸ ਪਾ ਖਾਂ ਕਿਸੇ ਮੁੰਡੇ ਦੀ, ਹੈ ਕੋਈ ਤੇਰਾ ਯਾਰ ਬੇਲੀ ਤੇਰੇ ਵਰਗਾ।"
"ਚੰਗਾ ਭਾਬੀ ਜੀ, ਮੈਂ ਕੋਸ਼ਿਸ਼ ਕਰਾਂਗਾ, ਪਰ ਤੁਸੀਂ ਕਿਉਂ ਨਹੀਂ ਜੀਤੋ ਦਾ ਵਿਆਹ ਕਿਸੇ ਨਾਲ ਦੇ ਪਿੰਡ ਵਿਚ ਕਰ ਦੇਂਦੇ।" ਮੈਂ ਦਾਲ ਦਾ ਦਾਣਾ ਟੋਂਹਦਿਆਂ ਹੋਇਆਂ ਕਿਹਾ।
"ਨਾਲ ਦੇ ਪਿੰਡ, ਨਾਲ ਦੇ ਪਿੰਡ ਕੋਈ ਮੁੰਡਾ ਹੈ?"
"ਹੈ ਤਾਂ ਸਹੀ, ਜੇ ਤੁਸਾਂ ਕਰਨਾ ਹੋਵੇ।"
"ਕਿਹੜਾ?"
"ਜੀਊਣ ਸਿੰਘ।"
"ਕਿਹੜਾ ਜੀਊਣ ਸਿੰਘ!"
"ਓਹੋ ਨੰਬਰਦਾਰ ਵਸਾਖਾ ਸਿੰਘ ਦਾ ਪੁਤਰ, ਜਿਹੜਾ ਕਲ੍ਹ ਹੀਰ ਗਾ ਰਿਹਾ ਸੀ, ਜਦੋਂ ਤੁਸੀ ਖੂਹ ਤੇ ਆਏ ਸਾਓ।"
"ਨੰਬਰਦਾਰ ਵਸਾਖਾ ਸਿੰਘ ਦਾ ਪੁਤਰ" ਉਸਨੇ ਕੁਝ ਸੋਚਦਿਆਂ ਹੋਇਆਂ ਕਿਹਾ।