ਲੇਖਕਾਂ ਤੇ ਕਵੀਆਂ ਵਰਗੇ ਕੋਮਲ ਚਿਤ ਮਨੁਖਾਂ ਪਾਸੋਂ ਭੀ, ਅਚੇਤ ਹੀ ਔਰਤਾਂ ਉਤੇ ਬੜੇ ਬੜੇ ਘਰ-ਅਤਿਆਚਾਰ ਹੋ ਜਾਂਦੇ ਹਨ ਤੇ ਉਹੀ ਸੁਧਾਰ ਕਰਨ ਵਾਲੇ ਕਿਵੇਂ ਆਪ ਹੀ ਆਪਣੇ ਕਈ ਇਕ ਲਛਣਾਂ ਜਾਂ ਕੰਮਾਂ ਦਵਾਰਾ ਕਈ ਵਿਗਾੜ ਪੈਦਾ ਕਰਨ ਦਾ ਕਾਰਨ ਬਣਦੇ ਹਨ ਜਿਨ੍ਹਾਂ ਦਾ ਕਿ ਲੇਖਕਾਂ ਨੂੰ ਚਿਤ ਚੇਤਾ ਭੀ ਨਹੀਂ ਹੁੰਦਾ।
ਸਚ ਹੈ ਸੁਧਾਰ ਤੇ ਵਿਗਾੜ, ਪੁੰਨ ਤੇ ਪਾਪ, ਨੇਕੀ ਤੇ ਬਦੀ, ਚੰਗਿਆਈ ਤੇ ਬੁਰਿਆਈ ਦਾ ਫਰਕ ਲਭਣਾ ਇੰਨਾ ਸੌਖਾ ਨਹੀਂ, ਜਿੰਨਾ ਸੌਖਾ ਅਜ ਦੇ ਸਾਦੇ ਅਜਾਣ-ਬਮਾਜ ਨੇ ਇਸਨੂੰ ਸਮਝ ਛਡਿਆ ਹੈ। ਇਨ੍ਹਾਂ ਵਿਚੋਂ ਕਈ ਕਹਾਣੀਆਂ ਦੇ ਮਜ਼ਮੂਨ ਭਾਵੇਂ ਬਹੁਤ ਖਤਰਨਾਕ ਤੇ ਗੰਦੇ ਆਲੇ ਦੁਆਲੇ ਵਿਚੋਂ ਚੁਣੇ ਹੋਏ ਹਨ ਪਰ ਖੂਬੀ ਇਹ ਜ਼ਰੂਰ ਹੈ ਕਿ ਇਹ ਕਹਾਣੀਆਂ ਗੰਦ ਵਲ ਪ੍ਰੇਰਦੀਆਂ ਨਹੀਂ ਸਗੋਂ ਉਸ ਵਲੋਂ ਨਫ਼ਰਤ ਦੁਆਂਦੀਆਂ ਹਨ ਤੇ ਉਤਸ਼ਾਹ ਦੇਂਦੀਆਂ ਹਨ ਤੇ ਉਸ ਬੁਰਿਆਈ ਵਿਚ ਵੀ ਪਵਿੱਤਰਤਾ ਲਭਦੀਆਂ ਹਨ, ਵਲਵਲੇ ਭਰੀਆਂ ਕਹਾਣੀਆਂ ਭੀ ਹਨ ਜੋ ਮਨ ਦੇ ਪ੍ਰੇਤ-ਭਾਵਾਂ ਨੂੰ ਜਗਾਉਂਦੀਆਂ ਹਨ ਤੇ ਜਾਂ ਹਾਸ-ਰਸ ਵਲ ਲਿਜਾਂਦੀਆਂ ਹਨ ‘ਜ਼ੈਨਮ’ 'ਲਿਖਾਰੀਂ 'ਅਖੀਰੀ ਚਿਠੀ' ਤੇ 'ਮੇਰਾ ਵਿਆਹ' ਅਜੇਹੇ ਨਮੂਨੇ ਹਨ। ਇਨ੍ਹਾਂ ਵਿਚ ਪ੍ਰਚਾਰ ਜ਼ਰੂਰ ਹੈ ਪਰ ਉਹ ਹੈ ਲੁਕਵਾਂ, ਇਸ ਲਈ ਉਹ ਪ੍ਰਚਾਰ ਤੇ ਉਪਦੇਸ਼ ਦੀ ਥਾਂ ਸਲਾਹ ਤੇ ਸੋਝੀ ਬਣ ਜਾਂਦੀ ਹੈ।
ਮੈਨੂੰ ਆਸ ਹੈ (ਤੇ ਸਧਰ ਭੀ) ਕਿ ਪੰਜਾਬੀ ਦੇ ਆਮ ਪਾਠਕ ਇਨ੍ਹਾਂ ਕਹਾਣੀਆਂ ਨੂੰ ਪੜ੍ਹ ਕੇ ਨਿਰਾ ਇਨ੍ਹਾਂ ਦਾ ਸਵਾਦ ਹੀ ਨਹੀਂ ਲੈਣਗੇ ਸਗੋਂ ਇਹ ਭੀ ਜਤਨ ਕਰਨਗੇ ਕਿ ਸਾਡੇ ਸਮਾਜ ਦੀਆਂ ਬੀਮਾਰੀਆਂ ਹਦਣ ਤੇ ਕਦੇ ਅਸੀ ਭੀ ਕੋਈ ਅਜੇਹਾ ਜੀਵਨ ਜੀਉ ਸਕੀਏ ਜਿਸ ਵਿਚੋਂ ਲੇਖਕਾਂ ਤੇ ਕਵੀਆਂ ਨੂੰ ਖੂਬੀਆਂ ਨਜ਼ਰ ਆ ਸਕਣ ਤੇ ਉਹ ਜੀਵਨ ਨਮੂਨੇ ਦੇ ਤੌਰ ਤੇ ਦੁਨੀਆਂ ਦੇ ਪੇਸ਼ ਕੀਤਾ ਜਾ ਸਕੇ।
ਸ.ਸ.'ਅਮੋਲ’
ਗੁਰੂ ਰਾਮਦਾਸ ਕਾਲਜ ਅੰਮ੍ਰਿਤਸਰ)