ਪੰਨਾ:ਅੱਜ ਦੀ ਕਹਾਣੀ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਿਟੀ ਚਾਦਰ ਸੀ ਤੇ ਸਿਰ ਤੇ ਇਕ ਲਾਲ ਕਪੜਾ। ਮੁੰਹ ਉਸਦਾ ਨੰਗਾ ਸੀ, ਰੁਕਨਦੀਨ ਨੂੰ ਵੇਖ ਉਸਨੇ ਕਿਹਾ - "ਬਹਿ ਜਾਓ ਚਾਚਾ ਜੀ", ਪਰ ਜਿਉਂ ਹੀ ਉਸਦੀ ਨਜ਼ਰ ਮੇਰੇ ਤੇ ਪਈ ਉਸ ਨੇ ਦੋਵੇਂ ਹਥ ਆਪਣੀਆਂ ਅੱਖਾਂ ਤੇ ਰਖ ਲੀਤੇ ਤੇ ਕੂਕ ਉਠੀ - "ਉਹ ਫੇਰ ਆ ਗਿਆ, ਮੇਰੇ ਮਥੇ ਇਸ ਨੂੰ ਨਾ ਲਾਓ। ਦੇ ਦਿਓ ਇਸ ਨੂੰ ਸੰਦੂਕ ਖੋਹਲ ਕੇ ਘੜੀ, ਕਲਮ ਤੇ ਬਟੂਆ। ਮੇਰਾ ਜੀਵਨ ਮੇਰਾ ਸਭ ... ... ..." ਇਸ ਤੋਂ ਅਗੇ ਕਿ ਉਹ ਕੁਝ ਹੋਰ ਕਹਿੰਦੀ ਉਸ ਨੂੰ ਇਕ ਦਮ ਗਸ਼ੀ ਆ ਗਈ। ਰੁਕਨਦੀਨ ਮੇਰੇ ਮੂੰਹ ਵਲ ਵੇਖਣ ਲਗਾ। ਮੇਰੇ ਮੂੰਹ ਦਾ ਰੰਗ ਪੀਲਾ ਪੈ ਰਿਹਾ ਸੀ।

ਉਸਦੀ ਮਾਂ ਨੇ ਕਿਹਾ - "ਪਤਾ ਨਹੀਂ ਕੁੜੀ ਨੂੰ ਕੀ ਹੋ ਗਿਆ ਹੈ, ਹਰ ਵੇਲੇ ਇਹੋ ਕਹਿੰਦੀ ਰਹਿੰਦੀ ਹੈ, ਦੇ ਦਿਓ ਉਸ ਨੂੰ ਮੇਰਾ ਸੰਦੂਕ ਖੋਹਲ ਕੇ, ਫੇਰ ਮੇਰੇ ਵਲ ਤਕਦਿਆਂ ਹੋਇਆਂ ਆਖਣ ਲਗੀ - "ਤੁਹਾਡੀ ਕੋਈ ਚੀਜ਼ ਤਾਂ ਨਹੀਂ ਗੁਆਚੀ?"

ਮੈਂ ਥਥਲਾਂ ਦੀ ਆਵਾਜ਼ ਵਿਚ ਮਸਾਂ ਹੀ ਹਾਂ ਕੀਤੀ।

ਉਸ ਨੇ ਫਿਰ ਪੁਛਿਆ - 'ਕੀ'?

ਮੈਂ ਜ਼ਰਾ ਕੁ ਸੋਚ ਕੇ ਕਿਹਾ - "ਘੜੀ, ਲਿਖਣ ਵਾਲਾ ਪੈੱਨ ਤੇ ਬਟੂਆ", ਉਹ ਉਠੀ ਤੇ ਕੋਲ ਪਏ ਹੋਏ ਸੰਦੂਕਾਂ ਨੂੰ ਚੁਕਣਾ ਸ਼ੁਰੂ ਕੀਤਾ, ਸਭ ਤੋਂ ਹੇਠਲੇ ਸੰਦੂਕ ਨੂੰ ਚਾਬੀ ਲਾ ਕੇ ਉਸ ਨੇ ਖੋਹਲਿਆ ਤੇ ਉਸ ਵਿਚੋਂ ਫੋਲਾ ਫਾਲੀ ਕਰ ਕੇ ਮੇਰੀਆਂ ਤਿੰਨੇ ਚੀਜ਼ਾਂ ਕਢੀਆਂ ਤੇ ਕਿਹਾ -

੭੬