ਪੰਨਾ:ਅੱਜ ਦੀ ਕਹਾਣੀ.pdf/78

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਕੁੜੀ ਨੂੰ ਕਦੀ ਕਦੀ ਸ਼ੁਦਾ ਹੋ ਜਾਂਦਾ ਹੈ ਤੇ ਉਹ ਉਸੇ ਹੀ ਲੋਰ ਵਿਚ ਲੋਕਾਂ ਦੀਆਂ ਚੀਜ਼ਾਂ ਚੁਕ ਲਿਆਉਂਦੀ ਹੈ, ਤੇ ਮੁੜ ਆਪੇ ਹੀ ਧਰ, ਆਉਂਦੀ ਹੈ, ਤੁਹਾਡੀਆਂ ਚੀਜ਼ਾਂ ਭੀ ਲਿਆਈ, ਪਰ ਬੀਮਾਰ ਹੋ ਗਈ, ਨਹੀਂ ਤੇ ਹੁਣ ਤਕ ਧਰ ਆਉਣੀਆਂ ਸਾਸੂ।"

ਉਸ ਨੇ ਤਿੰਨੇ ਚੀਜ਼ਾਂ ਮੈਨੂੰ ਫੜਾਈਆਂ, ਮੈਂ ਕੰਬਦੇ ਹੋਏ ਹਥਾਂ ਨਾਲ ਫੜ ਲਈਆਂ।

ਅਸੀ ਕੁਝ ਚਿਰ ਹੋਰ ਬੇਠੇ, ਪਰ ਉਸ ਨੂੰ ਹੋਸ਼ ਨਾ ਆਈ। ਉਸ ਦੀ ਮਾਂ ਦੇ ਬਹੁਤ ਆਹਰ ਪਾਹਰ ਕਰਨ ਤੇ ਉਸ ਨੇ ਜ਼ਰਾ ਕੁ ਅੱਖਾਂ ਖੋਹਲੀਆਂ ਤੇ ਮੈਨੂੰ ਬੈਠਾ ਵੇਖ ਫਿਰ ਅਖਾਂ ਮੀਟ ਲਈਆਂ।

ਇਸ ਗਲ ਨੂੰ ਪੰਜ ਦਿਨ ਬੀਤ ਗਏ, ਉਹ ਰਾਜ਼ੀ ਹੋਣ ਦੀ ਥਾਂ ਸਗੋਂ ਦਿਨੋ ਦਿਨ ਜ਼ਿਆਦਾ ਬੀਮਾਰ ਹੁੰਦੀ ਗਈ ਤੇ ਛੇਕੜ ਉਹ ਰਾਤ ਆ ਗਈ, ਜਿਸ ਰਾਤ ਨੇ ਮੇਰੀ ਜ਼ਿੰਦਗੀ ਵਿਚ ਇਨਕਲਾਬ ਲਿਆਂਦਾ ਤੇ ਮੇਰੇ ਕੋਲੋਂ ਹਮੇਸ਼ਾਂ ਸ਼ਾਂਤੀ ਨੂੰ ਪਰ੍ਹਾਂ ਰੱਖਿਆ ਤੇ ਉਮਰ ਭਰ ਮੈਨੂੰ ਪਸ਼ਚਾਤਾਪ ਦੀ ਅੱਗ ਵਿਚ ਸਾੜਨਾ ਸ਼ੁਰੂ ਕੀਤਾ। ਉਹ ਮਰ ਗਈ ਤੇ ਇਕ ਬਲਦੀ ਹੋਈ ਚੁਆਤੀ ਮੇਰੇ ਸੀਨੇ ਤੇ ਰਖ ਗਈ।

ਓਹੋ ਚੁਆਤੀ ਹੈ ਜੋ ਹੁਣ ਤਕ ਮੈਨੂੰ ਕਿਸੇ ਥਾਂ ਵੀ ਸ਼ਾਂਤੀ ਨਹੀਂ ਲੋਣ ਦਿੰਦੀ।

 

Rule Segment - Circle - 10px.svg

 
੭੭