ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਮਰ ਸਾਗਰ ਦੀਆਂ

ਤੈਰਦੀਆਂ ਬੋਰੀਆਂ

ਸਾਗਰ, ਮੂਲ ਸਾਗਰ, ਗੰਗਾ ਸਾਗਰ, ਗੁਲਾਬ ਸਾਗਰ ਅਤੇ ਈਸਰਲਾਲ ਜੀ ਦਾ ਤਾਲਾਬ ਇੱਕ ਤੋਂ ਮਗਰੋਂ ਇੱਕ ਸੋਹਣੇ ਤਾਲਾਬ ਬਣਦੇ ਤੁਰੇ ਗਏ। ਇਹ ਲੜੀ ਅੰਗਰੇਜ਼ਾਂ ਦੇ ਆਉਣ ਤੱਕ ਟੁੱਟੀ ਨਹੀਂ ਸੀ।

ਇਸ ਲੜੀ ਦੀ ਮਜ਼ਬੂਤੀ ਸਿਰਫ਼ ਰਾਜੇ, ਰਾਵਲ, ਮਹਾਰਾਵਲਾਂ ਉੱਤੇ ਨਹੀਂ ਛੱਡੀ ਗਈ ਸੀ। ਸਮਾਜ ਦੇ ਉਹ ਅੰਗ ਵੀ, ਤਾਲਾਬਾਂ ਦੀ ਲੜੀ ਮਜ਼ਬੂਤ ਬਣਾ ਕੇ ਰੱਖਦੇ ਸਨ ਜਿਹੜੇ ਅੱਜ ਦੀ ਪਰਿਭਾਸ਼ਾ ਵਿੱਚ ਗਰੀਬੀ ਦੀ ਰੇਖਾ ਹੇਠ ਮੰਨੇ ਗਏ ਹਨ।

ਮੇਘਾ ਡੰਗਰ ਚਰਾਉਂਦਾ ਹੁੰਦਾ ਸੀ। ਇਹ ਕਿੱਸਾ 500 ਸਾਲ ਪੁਰਾਣਾ ਹੈ। ਡੰਗਰਾਂ ਦੇ ਨਾਲ ਮੇਘਾ ਮੂੰਹ ਹਨੇਰੇ ਨਿੱਕਲ ਜਾਂਦਾ। ਕੋਹਾਂ ਤੱਕ ਫੈਲਿਆ ਸਪਾਟ ਰੇਗਿਸਤਾਨ। ਮੇਘਾ ਦਿਨ ਭਰ ਦਾ ਪਾਣੀ ਆਪਣੇ ਨਾਲ ਇੱਕ ਮਿੱਟੀ ਦੀ ਸੁਰਾਹੀ ਵਿੱਚ ਲੈ ਜਾਂਦਾ। ਸ਼ਾਮ ਨੂੰ ਉਹ ਪਰਤਦਾ। ਇੱਕ ਦਿਨ ਸੁਰਾਹੀ ਵਿੱਚ ਥੋੜ੍ਹਾ ਜਿਹਾ ਪਾਣੀ ਬਚ ਗਿਆ। ਮੇਘੇ ਨੂੰ ਪਤਾ ਨਹੀਂ ਕੀ ਸੁੱਝਿਆ, ਉਸਨੇ ਇੱਕ ਛੋਟਾ ਜਿਹਾ ਟੋਆ ਪੁੱਟਿਆ, ਉਸ ਵਿੱਚ ਸੁਰਾਹੀ ਦਾ ਪਾਣੀ ਪਾਇਆ ਅਤੇ ਅੱਕ ਦੇ ਪੱਤਿਆਂ ਨਾਲ ਢਕ ਦਿੱਤਾ। ਚਰਵਾਹੇ ਦਾ ਕੰਮ ਅੱਜ ਇੱਥੇ ਹੁੰਦਾ ਹੈ ਤੇ ਕੱਲ ਉੱਥੇ। ਮੇਘਾ ਦੋ ਦਿਨ ਉੱਧਰ ਨਾ ਜਾ ਸਕਿਆ। ਤੀਜੇ ਦਿਨ ਜਦੋਂ ਉਹ ਉੱਥੇ ਅਪੜਿਆ ਤਾਂ ਬੇਸਬਰੀ ਨਾਲ ਅੱਕ ਦੇ ਪੱਤੇ ਚੁੱਕੇ ਤਾਂ ਟੋਏ ਵਿੱਚ ਪਾਣੀ ਤਾਂ ਨਹੀਂ ਸੀ, ਪਰ ਟੋਏ ਵਿੱਚੋਂ ਠੰਢੀ ਹਵਾ ਜ਼ਰੂਰ ਆਈ। ਮੇਘੇ ਦੇ ਮੂੰਹੋਂ ਅਚਾਨਕ ਆਵਾਜ਼ ਆਈ "ਭਾਫ਼। ਉਸਨੇ ਸੋਚਿਆ ਕਿ ਜੇ ਇੱਥੇ ਥੋੜੇ ਜਿਹੇ ਪਾਣੀ ਨਾਲ ਸਿੱਲ ਬਚ ਸਕਦੀ ਹੈ ਤਾਂ ਫੇਰ ਇੱਥੇ ਤਾਲਾਬ ਕਿਉਂ ਨਹੀਂ ਬਣ ਸਕਦਾ।

ਮੇਘੇ ਨੇ ਕੱਲਿਆਂ ਹੀ ਤਾਲਾਬ ਬਣਾਉਣਾ ਸ਼ੁਰੂ ਕਰ ਦਿੱਤਾ। ਹੁਣ ਉਹ ਰੋਜ਼ ਆਪਣੇ ਨਾਲ ਕਹੀ-ਸਲਾ ਲੈ ਕੇ ਜਾਂਦਾ। ਸਾਰਾ ਦਿਨ ਉਹ ਮਿਹਨਤ ਕਰਦਾ। ਗਊਆਂ ਵੀ ਆਲੇ-ਦੁਆਲੇ ਚਰਦੀਆਂ ਰਹਿੰਦੀਆਂ। ਭੀਮ ਜਿਹੀ ਤਾਕਤ ਨਹੀਂ ਸੀ ਉਸਦੇ ਵਿੱਚ, ਪਰ ਭੀਮ ਜਿਹਾ ਸੰਕਲਪ ਜ਼ਰੂਰ ਸੀ ਉਸ ਕੋਲ। ਦੋ ਸਾਲ ਤੱਕ 'ਕੱਲਾ ਹੀ

96
ਅੱਜ ਵੀ ਖਰੇ ਹਨ
ਤਾਲਾਬ