ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਗਿਆ ਰਿਹਾ। ਬਿਲਕੁਲ ਸਪਾਟ ਰੇਗਿਸਤਾਨ ਵਿੱਚ ਤਾਲਾਬ ਦਾ ਘੇਰਾ ਦੂਰੋਂ ਹੀ ਦਿਸਣ ਲੱਗ ਪਿਆ ਸੀ। ਪਾਲ ਦੀ ਖ਼ਬਰ ਪਿੰਡ ਵਿੱਚ ਵੀ ਫ਼ੈਲ ਗਈ।

ਹੁਣ ਰੋਜ਼ ਸਵੇਰੇ ਪਿੰਡ ਦੇ ਬੱਚੇ ਅਤੇ ਬਜ਼ੁਰਗ ਮੇਘਾ ਦਾ ਸਾਥ ਦੇਣ ਲਈ ਆਉਣ ਲੱਗੇ। 12 ਸਾਲ ਹੋ ਚੁੱਕੇ ਸਨ, ਫੇਰ ਵੀ ਤਾਲਾਬ ਉੱਤੇ ਕੰਮ ਚੱਲ ਰਿਹਾ ਸੀ। ਮੇਘਾ ਦੀ ਉਮਰ ਪੂਰੀ ਹੋ ਗਈ ਪਰ ਪਤਨੀ ਸਤੀ ਨਹੀਂ ਹੋਈ, ਪਤਨੀ ਨੇ ਕੰਮ ਚਾਲੂ ਰੱਖਿਆ, 6 ਮਹੀਨੇ ਬਾਅਦ ਕੰਮ ਪੂਰਾ ਹੋ ਗਿਆ।

ਇਹ ਤਾਲਾਬ ਭਾਫ਼ ਕਾਰਨ ਬਣਨਾ ਸ਼ੁਰੂ ਹੋਇਆ, ਇਸੇ ਕਰਕੇ ਇਸ ਜਗ੍ਹਾ ਦਾ ਨਾਂ ਭਾਫ਼ ਪੈ ਗਿਆ, ਬਾਅਦ ਵਿੱਚ ਵਿਗੜ ਕੇ ਬਾਪ ਹੋ ਗਿਆ। ਚਰਵਾਹੇ ਮੇਘਾ ਨੂੰ ਸਮਾਜ ਨੇ ਮੇਘੋਜੀ ਨਾਂ ਨਾਲ ਯਾਦ ਰੱਖਿਆ ਅਤੇ ਤਾਲਾਬ ਦੇ ਉੱਤੇ ਇੱਕ ਸੋਹਣੀ ਛਤਰੀ ਅਤੇ ਉਸ ਦੀ ਪਤਨੀ ਦੀ ਯਾਦ ਵਿੱਚ ਇੱਕ ਬਾਉਲੀ ਬਣਾਈ।

ਬਾਪ ਬੀਕਾਨੇਰ ਅਤੇ ਜੈਸਲਮੇਰ ਦੇ ਰਸਤੇ ਵਿੱਚ ਆਉਣ ਵਾਲਾ ਛੋਟਾ ਜਿਹਾ ਕਸਬਾ ਹੈ। ਚਾਹ-ਕਚੌਰੀ ਦੀਆਂ 5-6 ਦੁਕਾਨਾਂ ਵਾਲਾ ਛੋਟਾ ਜਿਹਾ ਬਸ ਅੱਡਾ ਹੈ। ਬਸਾਂ ਤੋਂ ਉੱਚੀ ਪਾਲ ਅੱਡੇ ਦੇ ਬਿਲਕੁਲ ਲਾਗੇ ਹੀ ਖੜੀ ਹੈ। ਮਈ-ਜੂਨ ਵਿੱਚ ਪਾਲ ਦੇ ਇੱਕ ਪਾਸੇ ਲੂ ਚਲਦੀ ਹੈ, ਦੂਜੇ ਪਾਸੇ ਮੇਘੋ ਜੀ ਦੇ ਤਾਲਾਬ ਵਿੱਚ ਲਹਿਰਾਂ ਉੱਠਦੀਆਂ ਹਨ। ਬਰਸਾਤ ਦੇ ਦਿਨਾਂ ਵਿੱਚ ਤਾਂ ਇੱਥੇ ਪਾਣੀ ਚਾਰ ਮੀਲ ਤੱਕ ਫੈਲ ਜਾਂਦਾ ਹੈ।

ਮੇਘ ਅਤੇ ਮੇਘਰਾਜ ਭਾਵੇਂ ਇੱਥੇ ਘੱਟ ਆਉਂਦੇ ਹੋਣ, ਪਰ ਮਰੂਭੂਮੀ ਵਿੱਚ ਮੇਘੋਜੀ ਜਿਹੇ ਲੋਕਾਂ ਦੀ ਕਮੀ ਨਹੀਂ। ਪਾਣੀ ਦੇ ਮਾਮਲੇ ਵਿੱਚ ਇੰਨਾ ਕਾਬਿਲ ਹੋ ਚੁੱਕਾ ਸਮਾਜ ਆਪਣੀ ਕਾਬਲੀਅਤ ਨੂੰ, ਆਪਣੇ ਕੌਸ਼ਲ ਨੂੰ ਆਪਣਾ ਦੱਸ ਕੇ ਘੁਮੰਡ ਨਹੀਂ ਕਰਦਾ। ਉਹ ਬੇਹੱਦ ਸਤਿਕਾਰ ਨਾਲ ਇਸਦਾ ਪੂਰਾ ਉਪਕਾਰ ਭਗਵਾਨ ਨੂੰ ਸਮਰਪਿਤ ਕਰ ਕੇ ਸਿਰ ਝੁਕਾ ਲੈਂਦਾ ਹੈ।

ਕਹਿੰਦੇ ਹਨ ਕਿ ਮਹਾਭਾਰਤ ਯੁੱਧ ਖ਼ਤਮ ਹੋਣ 'ਤੇ ਸ੍ਰੀ ਕ੍ਰਿਸ਼ਨ ਕੁਰੂਕਸ਼ੇਤਰ ਤੋਂ ਅਰਜੁਨ ਨੂੰ ਨਾਲ ਲੈ ਕੇ ਦਵਾਰਕਾ ਜਾ ਰਹੇ ਸਨ। ਉਨ੍ਹਾਂ ਦਾ ਰੱਥ ਮਾਰੂਥਲ ਪਾਰ ਕਰ ਰਿਹਾ ਸੀ। ਅੱਜ ਦੇ ਜੈਸਲਮੇਰ ਕੋਲ ਕ੍ਰਿਕੂਟ ਪਰਬਤ ਉੱਤੇ ਉਨ੍ਹਾਂ ਨੂੰ ਉੱਡੰਗ ਰਿਸ਼ੀ ਤਪੱਸਿਆ ਕਰਦੇ ਹੋਏ ਮਿਲੇ। ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ ਅਤੇ ਫੇਰ ਵਰਦਾਨ ਮੰਗਣ ਲਈ ਕਿਹਾ। ਉੱਡੰਗ ਦਾ ਅਰਥ ਹੈ ਉੱਚਾ। ਸੱਚਮੁੱਚ ਰਿਸ਼ੀ ਉੱਚੇ ਸਨ। ਉਨ੍ਹਾਂ ਨੇ ਆਪਣੇ ਲਈ ਕੁੱਝ ਨਾ ਮੰਗਿਆ। ਉਨ੍ਹਾਂ ਨੇ ਹੱਥ ਜੋੜ ਕੇ ਕਿਹਾ ਕਿ ਜੇਕਰ ਮੇਰੇ ਕੁੱਝ ਪੁੰਨ ਹਨ ਤਾਂ ਇਸ ਖੇਤਰ ਵਿੱਚ ਪਾਣੀ ਦੀ ਕੋਈ ਕਮੀ ਨਾ ਰਹੇ। ਮਾਰੂਥਲ ਦੇ ਲੋਕਾਂ ਨੇ ਇਸ ਵਰਦਾਨ ਨੂੰ ਇੱਕ ਹੁਕੁਮ ਵਜੋਂ ਮੰਨਿਆ ਅਤੇ ਆਪਣੀ ਕਾਬਲੀਅਤ ਨਾਲ ਮ੍ਰਿਗ-ਤ੍ਰਿਸ਼ਣਾ ਨੂੰ ਝੁਠਲਾ ਦਿੱਤਾ।

97
ਅੱਜ ਵੀ ਖਰੇ ਹਨ
ਤਾਲਾਬ