ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/111

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿੱਚ ਘੁੰਮ ਕੇ ਅੰਗਰੇਜ਼ਾਂ ਨੇ ਕਲਰਕਾਂ ਵਾਂਗ ਕੁੱਝ ਜਾਣਕਾਰੀਆਂ ਇਕੱਠੀਆਂ ਕੀਤੀਆਂ। ਇਨ੍ਹਾਂ ਜਾਣਕਾਰੀਆਂ ਵਿੱਚ ਸਾਗਰ ਅਤੇ ਉਸਦੀਆਂ ਬੂੰਦਾਂ ਦੇ ਰਹੱਸ ਨੂੰ ਸਮਝਣ ਦੀ ਕੋਈ ਕੋਸ਼ਿਸ਼ ਨਹੀਂ ਸੀ। ਇਸੇ ਲਈ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ ਉੱਤੇ ਜਿਹੜੀਆਂ ਨੀਤੀਆਂ ਬਣੀਆਂ ਉਨ੍ਹਾਂ ਨੀਤੀਆਂ ਨੇ ਹੀ ਸਾਗਰ ਅਤੇ ਬੂੰਦਾਂ ਨੂੰ ਵੱਖ-ਵੱਖ ਕਰ ਦਿੱਤਾ।

ਸੁਨਹਿਰਾ ਦੌਰ ਭਾਵੇਂ ਬੀਤ ਚੁੱਕਾ ਸੀ, ਪਰ ਅੰਗਰੇਜ਼ਾਂ ਤੋਂ ਬਾਅਦ ਵੀ ਪਤਨ ਦਾ ਦੌਰ ਸ਼ੁਰੂ ਨਹੀਂ ਸੀ ਹੋਇਆ। 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਅੰਗਰੇਜ਼ ਜਦੋਂ ਇੱਥੇ ਘੁੰਮ ਫਿਰ ਰਹੇ ਸਨ, ਜਿਹੜਾ ਗਜ਼ਟੀਅਰ ਬਣਾ ਰਹੇ ਸਨ, ਉਸ ਵਿੱਚ ਕਈ ਥਾਂ ਛੋਟੇ-ਛੋਟੇ ਹੀ ਨਹੀਂ, ਸਗੋਂ ਵੱਡੇ-ਵੱਡੇ ਤਾਲਾਬਾਂ ਉੱਤੇ ਚੱਲ ਰਹੇ ਕੰਮਾਂ ਦਾ ਜ਼ਿਕਰ ਮਿਲਦਾ ਹੈ।

ਮੱਧ-ਪ੍ਰਦੇਸ਼ ਦੇ ਦੁਰਗ ਅਤੇ ਰਾਜਨਾਂਦਗਾਓਂ ਵਰਗੇ ਖੇਤਰਾਂ ਵਿੱਚ ਸੰਨ 1907 ਤੱਕ ਵੀ ‘ਬਹੁਤ ਸਾਰੇ ਵੱਡੇ-ਵੱਡੇ ਤਾਲਾਬ ਬਣ ਰਹੇ ਸਨ।' ਇਸ ਵਿੱਚ ਹਾਂਦੁਲਾ ਨਾਂ ਦਾ ਤਾਲਾਬ 11 ਵਰ੍ਹਿਆਂ ਦੀ ਮਿਹਨਤ ਨਾਲ ਤਿਆਰ ਹੋਇਆ ਸੀ। ਇਸ ਵਿੱਚ ਸਿੰਜਾਈ ਲਈ ਨਿੱਕਲੀਆਂ ਨਾਲਿਆਂ-ਨਹਿਰਾਂ ਦੀ ਲੰਬਾਈ 593 ਮੀਲ ਸੀ।

ਜਿਹੜੇ ਨਾਇਕ ਸਮਾਜ ਨੂੰ ਬਚਾ ਕੇ ਰੱਖਣ ਲਈ ਇਹ ਸਭ ਕੰਮ ਕਰਦੇ ਸਨ, ਉਨ੍ਹਾਂ ਦੇ ਮਨ ਵਿੱਚ ਸਮਾਜ ਨੂੰ ਤੋੜਨ ਵਾਲੀ ਪ੍ਰੰਪਰਾ ਕਿਵੇਂ ਵਸ ਸਕਦੀ ਸੀ। ਉਨ੍ਹਾਂ ਵੱਲੋਂ ਅੰਗਰੇਜ਼ਾਂ ਨੂੰ ਚੁਣੌਤੀਆਂ ਵੀ ਮਿਲੀਆਂ। ਸੈਂਸੀ, ਭੀਲ ਜਿਹੀਆਂ ਸਵੈਮਾਣ ਰੱਖਣ ਵਾਲੀਆਂ ਜਾਤਾਂ ਨੂੰ ਇਸੇ ਟਕਰਾਅ ਕਰਕੇ ਅੰਗਰੇਜ਼ੀ ਰਾਜ ਨੇ ਠੱਗ ਅਤੇ ਅਪਰਾਧੀ ਕਿਹਾ। ਜਦੋਂ ਹੁਣ ਸਭ ਕੁੱਝ ਅੰਗਰੇਜ਼ਾਂ ਨੇ ਹੀ ਕਰਨਾ ਸੀ ਤਾਂ ਪੁਰਾਣਾ ਤਾਂ ਸਭ ਕੁੱਝ ਟੁੱਟਣਾ ਹੀ ਸੀ। ਪੁਰਾਣੇ ਢਾਂਚੇ ਨੂੰ ਗਲਤ ਦੱਸਣਾ, ਉਸਨੂੰ ਦੁਤਕਾਰਨਾ ਕੋਈ ਬਹੁਤੀ ਸੋਚੀ-ਸਮਝੀ ਚਾਲ ਨਹੀਂ ਸੀ। ਉਹ ਤਾਂ ਇਸ ਨਵੀਂ ਸੋਚ ਦਾ ਸਹਿਜ ਸਿੱਟਾ ਸੀ, ਬਦਕਿਸਮਤੀ ਤਾਂ ਇਹ ਹੈ ਕਿ ਇਹ ਨਵੀਂ ਸੋਚ ਸਾਡੇ ਸਮਾਜ ਦੇ ਉਨ੍ਹਾਂ ਲੋਕਾਂ ਦੇ ਦਿਮਾਗ ਵਿੱਚ ਵੀ ਵਸ ਗਈ ਜਿਹੜੇ ਪੂਰੇ ਤਨ-ਮਨ ਨਾਲ ਅੰਗਰੇਜ਼ਾਂ ਦਾ ਵਿਰੋਧ ਕਰ ਰਹੇ ਸਨ ਅਤੇ ਪੂਰੇ ਤਨ-ਮਨ ਨਾਲ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਲੱਗੇ ਹੋਏ ਸਨ।

ਪਿਛਲੇ ਦੌਰ ਦੇ ਤਜਰਬੇਕਾਰ ਹੱਥ ਹੁਣ ਨਿਕੰਮੇ ਕਾਰੀਗਰਾਂ ਵਿੱਚ ਬਦਲ ਦਿੱਤੇ ਗਏ। ਅਜਿਹੇ ਬਹੁਤ ਲੋਕ ਜਿਹੜੇ ਗੁਣਾਂ ਦੀ ਖਾਣ ਸਨ, ਨਵੇਂ ਦੌਰ ਵਿੱਚ, ਅਨਪੜ੍ਹ, ਜਾਹਿਲ ਮੰਨ ਲਏ ਗਏ। ਆਜ਼ਾਦੀ ਤੋਂ ਬਾਅਦ ਦੀਆਂ ਸਰਕਾਰਾਂ, ਸਮਾਜਕ ਸੰਸਥਾਵਾਂ ਦੀ ਇਹੋ ਬੇਸ਼ਰਮੀ ਅੱਜ ਵੀ ਜਾਰੀ ਹੈ।

ਉਸ ਗੁਣੀ ਸਮਾਜ ਦੇ ਹੱਥੋਂ ਪਾਣੀ ਦਾ ਕੰਮ ਕਿਵੇਂ ਖੋਹਿਆ ਗਿਆ ਇਸ ਦੀ ਝਲਕ ਉਦੋਂ ਦੇ ਮੈਸੂਰ ਰਾਜ ਵਿੱਚ ਦੇਖਣ ਨੂੰ ਮਿਲਦੀ ਹੈ।

107
ਅੱਜ ਵੀ ਖਰੇ ਹਨ
ਤਾਲਾਬ