ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਪਾਣੀ ਆਪਣਾ ਰਸਤਾ ਨਹੀਂ ਭੁੱਲਦਾ, ਪਾਣੀ ਦੀ ਯਾਦਦਾਸ਼ਤ ਬਹੁਤ ਤੇਜ਼ ਹੁੰਦੀ ਹੈ। ਹਰ ਸਾਲ ਤਾਲਾਬ ਉੱਤੇ ਬਣੇ ਮੁਹੱਲਿਆਂ ਵਿੱਚ ਮੀਂਹ ਦਾ ਪਾਣੀ ਭਰ ਜਾਂਦਾ, ਮੀਂਹਾਂ ਦੇ ਮੌਸਮ ਤੋਂ ਬਾਅਦ ਸ਼ਹਿਰਾਂ ਵਿੱਚ ਫੇਰ ਪਾਣੀ ਦਾ ਸੰਕਟ ਡੂੰਘਾ ਹੋ ਜਾਂਦਾ।

ਜਿਹੜੇ ਸ਼ਹਿਰਾਂ ਕੋਲ ਫਿਲਹਾਲ ਥੋੜ੍ਹਾ ਪੈਸਾ ਹੈ, ਥੋੜ੍ਹੀ ਤਾਕਤ ਹੈ, ਉਹ ਕਿਸੇ ਹੋਰ ਦਾ ਪਾਣੀ ਖੋਹ ਕੇ ਆਪਣੇ ਨਲਕਿਆਂ ਨੂੰ ਚਲਾ ਰਹੇ ਹਨ, ਪਰ ਬਾਕੀ ਦੀ ਹਾਲਤ ਤਾਂ ਹਰ ਸਾਲ ਵਿਗੜਦੀ ਜਾ ਰਹੀ ਹੈ। ਕਈ ਸ਼ਹਿਰਾਂ ਦੇ ਕੁਲੈਕਟਰ ਫ਼ਰਵਰੀ ਦੇ ਮਹੀਨੇ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੇ ਵੱਡੇ ਤਾਲਾਬਾਂ ਦਾ ਪਾਣੀ ਸਿੰਜਾਈ ਦੇ ਕੰਮਾਂ ਲਈ ਰੋਕ ਕੇ ਸ਼ਹਿਰਾਂ ਲਈ ਮਹਿਫੂਜ਼ ਕਰ ਲੈਂਦੇ ਹਨ।

ਸ਼ਹਿਰਾਂ ਨੂੰ ਪਾਣੀ ਤਾਂ ਚਾਹੀਦਾ ਹੈ, ਪਰ ਪਾਣੀ ਦੇ ਸਕਣ ਵਾਲੇ ਤਾਲਾਬ ਨਹੀਂ। ਪਾਣੀ ਟਿਊਬਵੈੱਲ ਤੋਂ ਮਿਲ ਸਕਦਾ ਹੈ, ਪਰ ਇਸਦੇ ਲਈ ਬਿਜਲੀ ਤੇ ਡੀਜ਼ਲ ਦੇ ਨਾਲ-ਨਾਲ ਸ਼ਹਿਰ ਦੀ ਧਰਤੀ ਹੇਠ ਵੀ ਤਾਂ ਪਾਣੀ ਹੋਣਾ ਚਾਹੀਦਾ ਹੈ। ਚੇਨੱਈ ਜਿਹੇ ਸ਼ਹਿਰ ਦਾ ਦੁਖਾਂਤ ਇਹੋ ਦੱਸਦਾ ਹੈ ਕਿ ਪਾਣੀ ਦੇ ਲਗਾਤਾਰ ਡਿਗਦੇ ਪੱਧਰ ਨੂੰ ਸਿਰਫ਼ ਪੈਸੇ ਜਾਂ ਸੱਤਾ ਦੇ ਜ਼ੋਰ ਨਾਲ ਉੱਪਰ ਨਹੀਂ ਚੁੱਕਿਆ ਜਾ ਸਕਦਾ। ਕਈ ਸ਼ਹਿਰਾਂ ਨੇ ਆਪਣੇ ਦੂਰ-ਨੇੜੇ ਵਗਦੀਆਂ ਨਦੀਆਂ ਤੋਂ ਪਾਣੀ ਲਿਆਉਣ ਦੀਆਂ ਬੇਹੱਦ ਖਰਚੀਲੀਆਂ ਅਤੇ ਹਾਸੋਹੀਣੀਆਂ ਤਕਨੀਕਾਂ ਅਪਣਾਈਆਂ ਜਿਸ ਕਰਕੇ ਅਜਿਹੀਆਂ ਕਈ ਨਗਰ ਪਾਲਿਕਾਵਾਂ ਉੱਤੇ ਕਰੋੜਾਂ ਰੁਪਏ ਦੇ ਬਿਜਲੀ ਦੇ ਬਿਲ ਦਾ ਬੋਝ ਵੀ ਚੜ੍ਹ ਚੁੱਕਾ ਹੈ।

ਇੰਦੌਰ ਦੀ ਇੱਕ ਅਜਿਹੀ ਉਦਾਹਰਣ ਅੱਖਾਂ ਖੋਲ੍ਹ ਸਕਦੀ ਹੈ। ਇੱਥੋਂ ਦੂਰ ਵਹਿ ਰਹੀ ਨਰਮਦਾ ਦਾ ਪਾਣੀ ਲਿਆਂਦਾ ਗਿਆ। ਯੋਜਨਾ ਦਾ ਪਹਿਲਾ ਭਾਗ ਛੋਟਾ ਰਿਹਾ, ਤਾਂ ਸਭ ਨੇ ਇੱਕੋ ਆਵਾਜ਼ ਵਿੱਚ ਕਿਹਾ--ਦੂਜੀ ਵਾਰ ਅਜ਼ਮਾਉ। ਤੇ ਤੀਜੀ ਵਾਰ ਵੀ ਅੰਦੋਲਨ ਚੱਲਿਆ। ਇਸ ਵਿੱਚ ਕਾਂਗਰਸ, ਭਾਰਤੀ ਜਨਤਾ ਪਾਰਟੀ, ਕਮਿਊਨਿਸਟ ਪਾਰਟੀਆਂ ਤੋਂ ਇਲਾਵਾ ਸ਼ਹਿਰ ਦੇ ਮਸ਼ਹੂਰ ਭਲਵਾਨ ਸ੍ਰੀ ਅਨੋਖੀ ਲਾਲ ਇੱਕ ਪੈਰ ਉੱਤੇ ਇੱਕੋ ਥਾਂ 34 ਦਿਨਾਂ ਤੱਕ ਖੜ੍ਹੇ ਰਹਿ ਕੇ ‘ਸੱਤਿਆਗ੍ਰਹਿ' ਕਰ ਚੁੱਕੇ ਸਨ। ਇਸੇ ਇੰਦੌਰ ਵਿੱਚ ਕੁੱਝ ਵਰ੍ਹੇ ਪਹਿਲਾਂ ਤੱਕ ਬਿਲਾਵਲੀ ਜਿਹਾ ਤਾਲਾਬ ਸੀ, ਜਿਸ ਵਿੱਚ ਹੁਣ ਫਲਾਈਂਗ ਕਲੱਬ ਦੇ ਜਹਾਜ਼ ਉਡਾਏ ਜਾਂਦੇ ਹਨ।

ਇੰਦੌਰ ਦੇ ਗੁਆਂਢ ਵਿੱਚ ਵਸੇ ਦੇਵਾਸ ਸ਼ਹਿਰ ਦਾ ਕਿੱਸਾ ਤਾਂ ਹੋਰ ਵੀ ਅਜੀਬ ਹੈ। ਪਿਛਲੇ 30 ਸਾਲਾਂ ਵਿੱਚ ਇੱਥੇ ਸਾਰੇ ਛੋਟੇ-ਵੱਡੇ ਤਾਲਾਬ ਭਰ ਦਿੱਤੇ ਗਏ ਅਤੇ ਉਨ੍ਹਾਂ ਉੱਤੇ ਮਕਾਨ, ਕਾਰਖ਼ਾਨੇ ਖੁੱਲ੍ਹ ਗਏ। ਪਰ ਫੇਰ ਪਤਾ ਲੱਗਿਆ ਕਿ ਇਨ੍ਹਾਂ ਨੂੰ ਪਾਣੀ ਦੇਣ ਦਾ ਸਰੋਤ ਹੀ ਨਹੀਂ ਬਚਿਆ। ਸ਼ਹਿਰ ਦੇ ਖਾਲੀ ਹੋਣ ਦੀਆਂ ਖ਼ਬਰਾਂ ਛਪਣ ਲੱਗੀਆਂ। ਹੁਣ ਪਾਣੀ ਕਿੱਥੋਂ ਆਵੇ? ਦੇਵਾਸ ਦੇ ਤਾਲਾਬਾਂ, ਖੂਹਾਂ ਉੱਤੇ ਕੰਮ ਚੱਲਣ ਦੀ ਬਜਾਏ ਰੇਲਵੇ ਸਟੇਸ਼ਨ ਉੱਤੇ ਦਸ ਦਿਨ ਕੰਮ ਚਲਦਾ ਰਿਹਾ।

110
ਅੱਜ ਵੀ ਖਰੇ ਹਨ
ਤਾਲਾਬ