ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟ੍ਰੇਡੀਸ਼ਨ ਨਹੀਂ ਹੁੰਦੀ, ਜਿਵੇਂ ਗੁਰਪੁਰਬ ਕਿਸੇ ਦਾ ਹੈਪੀ ਬਰਥਡੇਅ ਨਹੀਂ ਹੁੰਦਾ, ਜਿਵੇਂ ਗੁਰ ਪੁੰਨਿਆ ਆਕਾਸ਼ ਵਿੱਚ ਚਮਕਦਾ ਨਿਰਾ ਚੰਦ ਨਹੀਂ ਹੁੰਦੀ, ਜਿਵੇਂ ਕੋਈ ਸੰਕਲਪ ਸਿਰਫ਼ ਬਾਈ-ਗਾਂਡ ਨਹੀਂ ਹੁੰਦਾ, ਠੀਕ ਉਸੇ ਤਰ੍ਹਾਂ ਸਾਡੀਆਂ ਨਦੀਆਂ, ਸਾਡੇ ਸਰੋਵਰ, ਸੰਸਾਰ ਦੇ ਦੂਜੇ ਜਲ ਸਰੋਤਾਂ ਵਾਂਗ ਨਹੀਂ ਸਨ ਹੁੰਦੇ, ਇਨ੍ਹਾਂ ਦੀ ਨੁਹਾਰ ਅਤੇ ਮਹਿਮਾ ਵਿਲੱਖਣ ਸੀ। ਜੇਕਰ ਇਹ ਉਨ੍ਹਾਂ ਸਰੋਤਾਂ ਤੋਂ ਵੱਖਰੇ ਨਾ ਹੁੰਦੇ ਤਾਂ ਸਾਡੀਆਂ ਨਦੀਆਂ ਦੇ ਇੰਨੇ ਸੋਹਣੇ ਨਾਂ, ਬੜੇ ਗਹਿਰੇ ਅਰਥਾਂ ਭਰੇ ਨਾਂ ਨਾ ਹੁੰਦੇ ਅਤੇ ਨਾ ਹੀ ‘ਸਰ (ਤਾਲਾਬ) ਸ਼ਬਦ ਹਜ਼ਾਰਾਂ-ਲੱਖਾਂ ਧਰਮ ਸਥਾਨਾਂ ਨਾਲ ਜੁੜਦਾ। ਸਾਡੇ ਜਲ ਸੋਮੇ ਸਿਰਫ਼ ਆਦਮੀ ਦੇ ਭੋਗ ਦੀ ਚੀਜ਼ ਨਹੀਂ ਸਨ, ਉਹ ਤਾਂ ਜੀਵਨ ਤੋਂ ਵੀ ਉੱਪਰ ਉੱਠ ਕੇ ਜੀਵਨਦਾਇਕ ਬਣ ਜਾਂਦੇ ਸਨ। ਅੱਜ ਸਾਨੂੰ ਆਪਣੇ ਇਤਿਹਾਸ ਦੀਆਂ ਪੁਸਤਕਾਂ ਤੋਂ ਲਾਲ ਜਿਲਦਾਂ ਹਟਾ ਕੇ ਬਿਨਾਂ ਸੱਜੇ-ਖੱਬੇ ਮੁੜੇ, ਸਿਰਫ਼ ਸਿੱਧੇ ਖਲੋ ਕੇ ਇਹ ਸੋਚਣਾ ਚਾਹੀਦਾ ਹੈ ਕਿ ਆਖ਼ਿਰ ਉਹ ਕਿਹੜੇ ਨਿਯਮ ਸਨ ਜਿਨ੍ਹਾਂ ਕਾਰਨ ਸਾਡਾ ਪੂਰਾ ਸਮਾਜ ਹਜ਼ਾਰਾਂ ਸਾਲਾਂ ਤੱਕ ਕੁਦਰਤ ਨਾਲ ਬੇਹੱਦ ਸਹਿਜ-ਸਰਲ ਅਤੇ ਬੜੇ ਆਤਮਿਕ ਸਬੰਧ ਬਣਾ ਕੇ ਰੱਖ ਸਕਿਆ? ਅੱਜ ਆਪਾਂ ਭੁੱਲ ਹੀ ਗਏ ਹਾਂ ਕਿ ਗਲੀਆਂ-ਮੁਹੱਲਿਆਂ ਵਿੱਚ ਘੁੰਮਣ ਵਾਲੇ ਫ਼ਕੀਰਾਂ ਨੂੰ ਉਦੋਂ ਮੰਗਤੇ ਨਹੀਂ ਸੀ ਕਿਹਾ ਜਾਂਦਾ। ਉਦੋਂ ਇਹ ਫ਼ਕੀਰ ਸਾਲ ਵਿੱਚ ਇੱਕ ਵਾਰ ਆਪਣੇ ਨਾਲ ਜੁੜੇ ਪਰਿਵਾਰਾਂ ਕੋਲ ਜ਼ਰੂਰ ਆਉਂਦੇ ਸਨ। ਜਿਸ ਸਾਲ ਇਹ ਨਹੀਂ ਸਨ ਆਉਂਦੇ, ਉਸ ਸਾਲ ਪਰਿਵਾਰ ਉਦਾਸ ਹੁੰਦਾ ਸੀ, ਕਿਉਂਕਿ ਇਹ ਫ਼ਕੀਰ ਨਦੀਆਂ, ਸਰੋਵਰਾਂ ਦੀ ਪਰਿਕਰਮਾ ਕਰ ਕੇ ਆਇਆ ਕਰਦੇ ਸਨ। ਉਦੋਂ ਅਜਿਹੀ ਬੋਲੀ ਕੋਈ ਨਹੀਂ ਸੀ ਬੋਲਦਾ,ਬਾਬਾ ਅੱਗੇ ਜਾ’ ਜਾਂ ‘‘ਬਾਬਾ ਹੱਟਾ-ਕੱਟਾ ਏਂ, ਕੰਮ ਕਰ ਕੇ ਖਾਇਆ ਕਰ। ਉਦੋਂ ਸਾਡੀ ਸਿੱਖਿਆ ਅਤੇ ਬੋਲਚਾਲ ਦੀ ਭਾਸ਼ਾ ਵਿੱਚ ਅਜਿਹੀ ਸ਼ਬਦਾਵਲੀ ਦਾ ਭੂ-ਮੰਡਲੀਕਰਣ ਨਹੀਂ ਸੀ ਹੋਇਆ ਕਿਉਂਕਿ ਉਦੋਂ ਲੋਕਾਂ ਦੇ ਵਿਸ਼ਵਾਸ ਬੜੇ ਡੂੰਘੇ ਸਨ, ਉਨ੍ਹਾਂ ਦੀ ਆਸਥਾ ਬੜੀ ਗਹਿਰੀ ਸੀ ਕਿ ਇਹ ਫ਼ਕੀਰ ਜ਼ਰੂਰ ਕੁੱਝ ਅਜਿਹੇ ਤਜਰਬਿਆਂ ਵਿੱਚ ਲੱਗੇ ਹੋਏ ਹਨ, ਜਿਨ੍ਹਾਂ ਵਿੱਚ ਸਭ ਦੀ ਸਲਾਮਤੀ, ਸਭ ਦੀ ਖ਼ੈਰ ਹੈ। ਲੇਕਿਨ “ਬੁੱਧੀਜੀਵੀਂ ਸ਼ਬਦ ਦੇ ਪ੍ਰਚਲਿਤ ਹੋਣ ਤੋਂ ਬਾਅਦ ਕਰੋੜਾਂ ਨਿਰਮਲ-ਚਿੱਤ ਲੋਕਾਂ ਨੂੰ ‘ਚੱਲ ਸਾਲਾ ਦੇਸੀ ਜਿਹੀ ਗਾਲ਼ ਦੇ ਕੋਟੇ ਵਿੱਚ ਸੁੱਟ ਦਿੱਤਾ ਗਿਆ। ਕੁੱਝ ਨਵੇਂ ਪ੍ਰਗਤੀਸ਼ੀਲ ਵੀਰਾਂ ਨੇ ਅਜਿਹੀਆਂ ਹਜ਼ਾਰਾਂ ਪਵਿੱਤਰ ਪ੍ਰੰਪਰਾਵਾਂ, ਰਸਮਾਂ ਦੇ ਵਿਗਿਆਨਕ ਆਧਾਰ ਸਮਝੇ ਬਿਨਾਂ ਹੀ ਇਨ੍ਹਾਂ ਦਾ ਸ਼ੀਲ ਭੰਗ ਕਰ ਦਿੱਤਾ ਅਤੇ ਇਨ੍ਹਾਂ ਪ੍ਰੰਪਰਾਵਾਂ ਉੱਤੇ ਸਿਰਫ਼ ਅੰਧਵਿਸ਼ਵਾਸਾਂ ਜਾਂ ਕਰਮਕਾਂਡਾਂ ਦਾ ਪੱਕਾ ਠੱਪਾ ਹੀ

ਲਗਾ ਦਿੱਤਾ। ਜਦੋਂ ਕਿ ਸਿਰਫ਼ ਤਰਕ ਨੂੰ ਹੀ ਪ੍ਰਗਤੀਸ਼ੀਲਤਾ ਮੰਨਣ ਵਾਲੇ ਉੱਚ ਸਿੱਖਿਆ ਪ੍ਰਾਪਤ ਸਮਾਜ ਦੇ ਨਵੇਂ ਆਗੂਆਂ ਨੇ ਹੀ ਜ਼ਿਆਦਾਤਰ ਲੋਕਾਂ ਨੂੰ ਇਹ ਸਿਖਾਇਆ ਹੈ ਕਿ ਅੱਧੀ ਰਾਤੀਂ ਟੁੱਲੂ ਪੰਪਾਂ ਰਾਹੀਂ ਗੁਆਂਢੀ ਦਾ ਪਾਣੀ ਖਿੱਚ ਕੇ ਚੁੱਪ-ਚਾਪ ਸੌਂ ਜਾਓ।

10
ਅੱਜ ਵੀ ਖਰੇ ਹਨ
ਤਾਲਾਬ