ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸਭ ਕੁੱਝ ਇੰਨਾ ਪੁਰਾਣਾ ਨਹੀਂ ਸੀ ਹੋਇਆ ਕਿ ਗੱਲ ਦਾ ਕੋਈ ਸਿਰਾ ਹੀ ਹੱਥ ਨਾ ਆਵੇ। ਜਿਹੜੇ ਪੰਜਾਬ-ਹਰਿਆਣਾ 'ਚੋਂ ਅੱਜ ਗਿੱਧਾਂ ਤੋਂ ਇਲਾਵਾ ਪੰਛੀਆਂ ਦੀਆਂ 90 ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ, ਉੱਥੇ ਹੀ ਕਦੀ ‘ਹਰੀਕੇ ਪੱਤਣ ਜਿਹੀਆਂ ਵਿਸ਼ਾਲ ਜਲਗਾਹਾਂ ਉੱਤੇ ਹਜ਼ਾਰਾਂ ਪ੍ਰਵਾਸੀ ਪੰਛੀ ਆਉਂਦੇ ਸਨ। ਹੀਰ-ਰਾਂਝਾ, ਸੋਹਣੀ-ਮਹੀਂਵਾਲ ਦੀਆਂ ਅੱਜ ਵੀ ਸੁਣਾਈਆਂ ਜਾਣ ਵਾਲੀਆਂ ਕਹਾਣੀਆਂ ਕਦੀ ਅਜਿਹੇ ਹੀ ਰਮਣੀਕ ਖੇਤਰਾਂ ਦਾ ਸੱਚ ਸਨ।

ਪੰਜਾਬ ਦੇ ਸਾਰੇ ਦਰਿਆ ਕਦੀ ਸਾਡੀਆਂ ਆਸਥਾਵਾਂ ਅਤੇ ਨਿੱਘੇ ਜੀਵਨ ਮੁੱਲਾਂ ਦੇ ਸਾਰਥੀ ਸਨ। ਜਿਵੇਂ ਕੁਦਰਤ ਵਿੱਚ ਹਰੇਕ ਜੜ੍ਹ-ਚੇਤਨ ਦਾ ਸੁਭਾਅ ਵੱਖੋ-ਵੱਖਰਾ ਹੁੰਦਾ ਹੈ, ਉਸੇ ਤਰ੍ਹਾਂ ਇਨ੍ਹਾਂ ਸਾਰੇ ਦਰਿਆਵਾਂ ਦੇ ਸੁਭਾਅ ਵੀ ਵੱਖੋ-ਵੱਖਰੇ ਸਨ। ਬਿਆਸ ਦਰਿਆ ਰਿਸ਼ੀਆਂ-ਮੁਨੀਆਂ ਦਾ ਚਹੇਤਾ ਦਰਿਆ ਸੀ। ਇਸਦਾ ਪ੍ਰਾਚੀਨ ਨਾਂ ਬਿਪਾਸ਼ਾ ਸੀ। ਇਹ ਬਹੁਤ ਮਰਿਆਦਾ ਵਾਲਾ ਦਰਿਆ ਮੰਨਿਆ ਜਾਂਦਾ ਰਿਹਾ ਹੈ। ਸਿੱਧੀਆਂ ਅੱਖਾਂ ਨਾਲ ਵੇਖਣ ਵਾਲੇ ਵਕਤਾਂ ਵਿੱਚ ਇਸਨੂੰ “ਵੇਦਾਂ ਦਾ ਦਰਿਆ ਵੀ ਕਿਹਾ ਜਾਂਦਾ ਸੀ।

ਰਾਵੀ ਦਰਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਦੀ ਰੱਖਿਆ ਖ਼ਾਤਿਰ ਦਿੱਤੀ ਸ਼ਹੀਦੀ ਦੀ ਗਵਾਹੀ ਵਾਲਾ ਦਰਿਆ ਹੈ। ਵੇਦਾਂ ਵਿੱਚ ਰਾਵੀ ਦਾ ਨਾਂ ਇਰਾਵਤੀ ਅਤੇ ਵਿਕਾ ਹੈ, ਇਸ ਦਾ ਅਰਥ ਹੈ ਦੈਵੀ ਸੁਆਦ ਵਾਲਾ ਪਾਣੀ। ਪਰ ਇਸ ਨਦੀ ਦੇ ਵਿਸ਼ੇਸ਼ ਗੁਣ ਵੇਖਦੇ ਹੋਏ ਰਿਸ਼ੀਆਂ ਨੇ ਇਸ ਦਾ ਨਾਂ ਇਰਾਵਤੀ ਰੱਖਿਆ। ਸਵਾਮੀ ਰਾਮਤੀਰਥ ਦੇ ਵੈਰਾਗ ਅਤੇ ਸੰਨਿਆਸ ਦੇ ਕੱਚੇ ਵਿਚਾਰ ਇਸੇ ਨਦੀ ਦੇ ਕਿਨਾਰੇ ਪੱਕੇ ਹੋਏ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਗਵਾਹੀ ਅਤੇ ਮਹਾਰਾਜਾ ਰਣਜੀਤ ਸਿੰਘ ਲਈ ਹੰਝੂਆਂ ਦੇ ਬੁਲਬੁਲੇ ਅੱਜ ਵੀ ਇਸ ਨਦੀ ਦੀਆਂ ਲਹਿਰਾਂ ਵਿੱਚ ਮਹਿਸੂਸ ਕੀਤੇ ਜਾ ਸਕਦੇ ਹਨ। ਗੁਰਦੁਆਰਾ ਸੁਧਾਰ ਲਹਿਰ ਦੀ ਕਾਮਯਾਬੀ ਤੋਂ ਬਾਅਦ ਗਾਂਧੀ ਜੀ ਨੇ ਆਪਣੇ ਅਹਿੰਸਕ ਅੰਦੋਲਨ ਵਿੱਚ ਕਿਤੇ ਜ਼ਿਆਦਾ ਮਜ਼ਬੂਤੀ ਵੇਖੀ। ਪੰਜਾਬੀਆਂ ਦੀਆਂ ਕੁਰਬਾਨੀਆਂ ਵੇਖਦੇ ਹੋਏ ਦਸੰਬਰ 1929 ਵਿੱਚ ਕਾਂਗਰਸ ਦਾ ਸਾਲਾਨਾ ਸੰਮੇਲਨ ਵੀ ਰਾਵੀ ਦੇ ਕੰਢੇ ਹੀ ਸੱਦਿਆ ਗਿਆ ਅਤੇ ਫੇਰ ਇਸੇ ਦੇ ਕੰਢੇ ‘ਸੰਪੂਰਣ ਆਜ਼ਾਦੀ ਦੀ ਸਹੁੰ ਖਾਧੀ ਗਈ। ਇੱਥੋਂ ਹੀ ਪਰਜਾ ਮੰਡਲ ਲਹਿਰ ਸ਼ੁਰੂ ਹੋਈ ਸੀ।

ਚਨਾਬ ਦਰਿਆ ਸਾਡੇ ਖੇਤਰ ਦੇ ਪੇਂਡੂ ਲੋਕ ਜੀਵਨ ਦਾ ਪ੍ਰਤੀਕ ਦਰਿਆ ਹੈ। ਬੇਸ਼ੱਕ ਸੋਹਣੀ ਦੇ ਕੱਚੇ ਘੜੇ ਦੀ ਪਿੱਲੀ ਮਿੱਟੀ ਦੀ ਭਿੰਨੀ-ਭਿੰਨੀ ਮਹਿਕ ਜਿਹੇ ਦੁਖਾਂਤ ਵੀ ਇਸ ਦੀਆਂ ਵਗਦੀਆਂ ਅਤੇ ਹੇਠਾਂ ਠਹਿਰੀਆਂ ਲਹਿਰਾਂ ਵਿੱਚ ਘੁਲੇ ਹੋਏ ਹਨ ਪਰ ਫੇਰ ਵੀ ਪੇਂਡੂ ਜੀਵਨ ਵਿੱਚ ਪਲਦੀਆਂ ਛੋਟੀਆਂ-ਛੋਟੀਆਂ ਨਿੱਘੀਆਂ ਪ੍ਰੇਮ ਕਹਾਣੀਆਂ ਅੱਜ ਵੀ ਇਸਦੀਆਂ ਵਗਦੀਆਂ ਲਹਿਰਾਂ ਵਿੱਚ ਲੱਭੀਆਂ ਜਾ ਸਕਦੀਆਂ ਹਨ। ਚਨਾਬ ਦਾ ਵੇਦਕਾਲੀਨ ਨਾਂ ਭਗਵਤੀ ਚੰਦਰਭਾਗਾ ਸੀ। ਪੰਜਾਬ ਜਿਹੀ ਵੀਰਾਂ ਦੀ ਧਰਤੀ

11
ਅੱਜ ਵੀ ਖਰੇ ਹਨ
ਤਾਲਾਬ