ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਢਾਬਾਂ ਛੱਪੜਾਂ ਤੋਂ ਥੋੜ੍ਹੀਆਂ ਵੱਡੀਆਂ ਅਤੇ ਗਹਿਰੀਆਂ ਹੁੰਦੀਆਂ। ਇਨ੍ਹਾਂ ਵਿੱਚ ਲੰਬਾਈ-ਚੌੜਾਈ ਦੀ ਗੱਲ ਨਹੀਂ ਸੀ ਹੁੰਦੀ, ਬਲਕਿ ਇਹੋ ਆਸਥਾ ਹੁੰਦੀ ਕਿ ਇਸਦਾ ਪਾਣੀ ਕਦੀ ਸੁੱਕਦਾ ਨਹੀਂ। ਢਾਬ ਦਾ ਪਾਣੀ ਹਮੇਸ਼ਾ ਨਿਰਮਲ ਰਹੇ, ਇਸ ਲਈ ਉਸ ਵਿੱਚ ਮੱਛੀਆਂ ਛੱਡੀਆਂ ਜਾਂਦੀਆਂ। ਸੰਝ ਵੇਲੇ ਬੱਚੇ ਘਰਾਂ 'ਚੋਂ ਆਪਣੇ ਨਾਲ ਆਟੇ ਦੀਆਂ ਗੋਲੀਆਂ ਵੱਟ ਕੇ ਲਿਆਉਂਦੇ ਅਤੇ ਮੱਛੀਆਂ ਨੂੰ ਪਾਉਂਦੇ। ਮੱਛੀਆਂ ਵੀ ਜਿਵੇਂ ਉਨ੍ਹਾਂ ਦੀ ਉਡੀਕ 'ਚ ਰਹਿੰਦੀਆਂ। ਉਦੋਂ ਲੋਕਾਂ ਦੇ ਦਿਲਾਂ ਵਿੱਚ ਖੋਰ ਨਹੀਂ ਸੀ ਹੁੰਦਾ, ਅੱਜ ਵਾਂਗ ਲੋਕੀ ਮਾਸਖੋਰ ਨਹੀਂ ਸਨ ਹੁੰਦੇ। ਹੁਣ ਤਾਂ ਗਰਾਂਟਾਂ ਡਕਾਰਨ ਤੋਂ ਬਾਅਦ ਵੀ ਮਾਨਸਿਕ ਤੌਰ 'ਤੇ ਪਿੰਡਾਂ ਦੀਆਂ ਕੰਗਾਲ ਪੰਚਾਇਤਾਂ ਬਚੇ-ਖੁਚੇ ਟੋਭੇ ਸਿਰਫ਼ ਕਸਾਈਆਂ ਨੂੰ ਹੀ ਠੇਕੇ 'ਤੇ ਦਿੰਦੀਆਂ ਹਨ। ਕਾਸ਼! ਕੋਈ ਸਰਕਾਰ ਸਿਰਫ਼ ਟੋਭੇ, ਢਾਬਾਂ, ਛੱਪੜਾਂ ਦੀ ਦੇਖਭਾਲ ਕਰਨ ਵਾਲੀਆਂ ਪੰਚਾਇਤਾਂ ਨੂੰ ਹੀ ਗਰਾਂਟ ਦੇਵੇ।

ਢਾਬ ਦੇ ਕੋਲ ਹੀ ਰੋਜ਼ਾਨਾ ਦੇ ਕੰਮਾਂ ਦੀ ਗਹਿਮਾ-ਗਹਿਮੀ ਰਹਿੰਦੀ। ਤਰਖਾਣ, ਪਥੇਰੇ, ਘੁਮਿਆਰ, ਮੋਚੀ ਵਗੈਰਾ ਤਾਂ ਜਿਵੇਂ ਢਾਬ ਦਾ ਹੀ ਹਿੱਸਾ ਹੁੰਦੇ। ਖੁਸ਼ੀ-ਗਮੀ ਦੀਆਂ ਸਭ ਰਸਮਾਂ ਵਿੱਚ ਢਾਬਾਂ ਦੇ ਕੰਢੇ ਦੀ ਮਿੱਟੀ ਕੱਢੀ ਜਾਂਦੀ ਤਾਂ ਜੋ ਢਾਬਹੌਲੀ-ਹੌਲੀ ਹੋਰ ਗਹਿਰੀ ਹੋ ਸਕੇ ਅਤੇ ਪਿੰਡ ਦਾ ਜੀਵਨ ਜ਼ਿਆਦਾ ਲੰਮਾ ਹੋ ਸਕੇ। ਪਰ ਹੁਣ ਬੁੱਧੀਜੀਵੀਆਂ ਦੇ ਤੇਜ਼ਾਬੀ ਤਰਕਾਂ ਦੇ ਛਿੱਟਿਆਂ ਨਾਲ ਲੋਕ-ਗੀਤਾਂ ਦੀ ਇਹ ਫੁਲਕਾਰੀ ਛਿੱਦੀ ਹੋ ਚੱਲੀ ਹੈ, ਹੁਣ ਇਨ੍ਹਾਂ ਰਸਮਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਢਾਬ ਦੇ ਲਾਗੇ ਹੀ ਠਾਕਰ ਦੁਆਰਾ, ਸ਼ਿਵਾਲਾ, ਦੇਵੀ ਦੁਆਰਾ ਜਾਂ ਥਾਨ (ਦੇਵਤੇ ਦਾ ਸਥਾਨ) ਹੁੰਦਾ। ਪਰ ਜਦੋਂ ਨਹਿਰਾਂ ਨਿੱਕਲੀਆਂ ਤਾਂ ਇਨ੍ਹਾਂ ਸਾਰੇ ਜਲ ਸਰੋਤਾਂ ਪਾਸੋਂ ਮੂੰਹ ਮੋੜ ਲਿਆ ਗਿਆ। ਨਵੀਂ ਪੀੜ੍ਹੀ ਨੇ ਬਿਲਕੁਲ ਹੀ ਇਨ੍ਹਾਂ ਦੀ ਉਪਯੋਗਤਾ ਬੇਕਾਰ ਮੰਨ ਲਈ। ਬੇਸ਼ੱਕ ਉਹ ਦੂਰ-ਦੁਰਾਡੇ ਦੇ ਪਿੰਡਾਂ ਤੋਂ ਚੰਡੀਗੜ੍ਹ ਦੀ ਸੁਖਨਾ ਝੀਲ ਵੇਖਣ ਆਉਂਦੇ ਹੋਣ, ਪਰ ਆਪਣੇ ਪਿੰਡਾਂ ਦੀਆਂ ਢਾਬਾਂ ਨੂੰ ਝੀਲਾਂ 'ਚ ਬਦਲਣ ਦਾ ਨਾ ਹੀ ਖ਼ਿਆਲ ਉਨ੍ਹਾਂ ਦੇ ਦਿਲਾਂ ਵਿੱਚ ਕਦੀ ਆਇਆ ਅਤੇ ਨਾ ਸਾਡੇ ਕਾਬਿਲ ਪ੍ਰਗਤੀਸ਼ੀਲ ਵੀਰਾਂ ਨੇ ਉਨ੍ਹਾਂ ਨੂੰ ਇਨ੍ਹਾਂ ਢਾਬਾਂ, ਟੋਭਿਆਂ ਅਤੇ ਛੱਪੜਾਂ ਦਾ ਮਹੱਤਵ ਸਮਝਾਇਆ ਜਿਹੜੇ ਤਰਕਾਂ ਦੀ ਵਕਾਲਤ ਦੇ ਬਾਵਜੂਦ ਪਾਣੀ ਦਾ ਹੋਰ ਕੋਈ ਦੇ ਵੀ ਵਿਕਲਪ ਅਜੇ ਤੱਕ ਨਹੀਂ ਸਮਝਾ ਸਕੇ ਹਨ। ਨਵੀਂ ਪੀੜ੍ਹੀ ਨੇ ਵੀ ਤਾਲਾਬਾਂ ਜਿਹੀਆਂ ਪਾਣੀ ਦੀਆਂ ਕੁਦਰਤੀ ਬੁੱਕਾਂ ਨੂੰ ਭਰ ਕੇ ਸਿਰਫ਼ ਮਹਿੰਗੇ ਪਲਾਟਾਂ ਦੀ ਸ਼ਕਲ ਵਿੱਚ ਦੇਖਣਾ ਹੀ ਪਸੰਦ ਕੀਤਾ। ਉਨ੍ਹਾਂ ਨੇ ਇਹ ਮੰਨ ਹੀ ਲਿਆ ਹੈ ਕਿ ਧਰਤੀ ਦਾ “ਪਲਾਟਾਂ ਤੋਂ ਇਲਾਵਾ ਸ਼ਾਇਦ ਹੋਰ ਕੋਈ ਮੁੱਲ ਹੀ ਨਹੀਂ ਹੁੰਦਾ।

ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਵਿੱਚ ਹੜਾਂ ਦਾ ਇਤਿਹਾਸ ਵੀ ਪਾਣੀ

ਦੇ ਕੁਦਰਤੀ ਸੋਮਿਆਂ ਦੇ ਖ਼ਾਤਮੇ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। ਮੀਂਹਾਂ ਦਾ ਬੇਸ਼ੁਮਾਰ ਪਾਣੀ ਆਪਣੀ ਬੁੱਕ ਵਿੱਚ ਭਰਨ ਵਾਲੇ ਇਹ ਸੋਮੇ ਅੱਜ ਬੇ-ਦਰੀ ਦੇ ਪਾਲੀਥੀਨੀ ਗਾਰੇ ਨਾਲ ਭਰੇ ਜਾ ਰਹੇ ਹਨ। ਸਰਕਾਰਾਂ ਕੋਲ ਵੀ ਹੜਾਂ ਤੋਂ ਬਚਣ ਦਾ ਇੱਕੋ ਉਪਾਅ

16
ਅੱਜ ਵੀ ਖਰੇ ਹਨ
ਤਾਲਾਬ