ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਹੱਲਿਆਂ ਤੋਂ ਬਾਅਦ ਖੂਹ ਹੀ ਧੜਕਦੀਆਂ ਲੋਕ-ਗੀਤਾਂ ਦਾ ਕੇਂਦਰ ਹੁੰਦਾ ਸੀ। ਭਲੇ ਵਕਤਾਂ ਵਿੱਚ ਕਿਹਾ ਜਾਂਦਾ ਸੀ,ਮੇਰੇ ਖੂਹ ’ਤੇ ਵਸਦਾ ਰੱਬ ਨੀਂ। ਉਦੋਂ ਰੱਬ ਨੂੰ ਟੱਬ ਦੱਸਣ ਵਾਲਾ ਮੁਹਾਵਰਾ ਨਹੀਂ ਸੀ ਬਣਿਆ, ਨਾ ਹੀ ਵਿਕਾਸ ਦੇ ਏ. ਟੀ. ਐਮ. ’ਚੋਂ ਨਿੱਕਲੀ ‘ਚੱਲ ਸਾਲਾ ਦੇਸੀਂ ਜਿਹੀ ਗਾਲ਼ ਹੁੰਦੀ ਸੀ। ਲਗਭਗ ਤੀਹ ਸਾਲ ਇਹ ਗਾਲ਼ ਕੱਢਣ ਤੋਂ ਬਾਅਦ ਅਸੀਂ ਭੁੱਲ ਹੀ ਗਏ ਕਿ ਇਸ ਇੱਕ ਛੋਟੀ ਜਿਹੀ ਗਾਲ਼ ਦੇ ਨਾਲ ਅਸੀਂ ਕੀ-ਕੀ ਗੁਆ ਚੁੱਕੇ ਹਾਂ। ਇਸ ਦੇਸੀ ਵਿੱਚ ਤਾਂ ਸਾਡੀ ਮਿੱਟੀ, ਪਾਣੀ, ਪਰਿੰਦੇ, ਪਸ਼ੂ, ਹਵਾ, ਤੰਦਰੁਸਤ ਲੋਕ ਜੀਵਨ, ਲੋਕ ਗੀਤ, ਲੋਕ ਸੰਗੀਤ, ਸਭ ਦੇ ਹਿੱਤ ਲਈ ਲਿਖਿਆ ਜਾਣ ਵਾਲਾ ਸਾਹਿਤ ਵੀ ਸ਼ਾਮਲ ਹੈ। ਗ਼ਲਤਫ਼ਹਿਮੀ ਵੱਖਰੀ ਚੀਜ਼ ਹੈ ਪਰ ਇਹ ਸਭ ਅਸੀਂ ਹੁਣ ਗੁਆ ਚੁੱਕੇ ਹਾਂ। ਹੁਣ ਤਾਂ ਸਾਡਾ ਖੂਨ ਵੀ ਦੇਸੀ ਨਹੀਂ ਰਿਹਾ। ਉਸਦੀ ਥਾਂ ਸਾਡੇ ਖੂਨ ਵਿੱਚ ਪੈਸਟੀਸਾਈਡ ਅਤੇ ਹੋਰਨਾਂ ਰਸਾਇਣਕ ਤੱਤਾਂ ਦੀ ਭਰਮਾਰ ਹੋ ਚੱਲੀ ਹੈ। ਸਾਡੀ ਜਿਸ ਕਣਕ ’ਤੇ ਸਾਰੇ ਦੇਸ਼ ਨੂੰ ਨਾਜ਼ ਸੀ, ਉਸਦਾ ਬੀਜ ਵੀ ਦੇਸੀ ਹੀ ਸੀ। ਗਾਲ੍ਹ ਕੱਢਣ ਤੋਂ ਬਾਅਦ ਵਿਦੇਸ਼ੀ ਬੀਜ ਆਇਆ ਜਿਸ ਨੂੰ ਉੱਨਤ ਬੀਜ ਵੀ ਆਖਿਆ ਗਿਆ, ਜਿਸ ਉੱਪਰ ਅਸਾਂ ਅੱਖਾਂ ਬੰਦ ਕਰਕੇ ਭਰੋਸਾ ਕੀਤਾ, ਉਸਦੇ ਨਾਲ ਇੱਕ ਤੁਖ਼ਮ ਵੀ ਆਇਆ, ਜਿਸਨੂੰ ਹੁਣ ‘ਕਾਂਗਰਸ ਘਾਹ ਕਿਹਾ ਜਾਂਦਾ ਹੈ। ਅੱਜ ਇਹ ‘ਕਾਂਗਰਸ ਘਾਹ ਤੁਖ਼ਮੀ ਬੰਗਲਾਦੇਸ਼ੀਆਂ ਦੀ ਤਰ੍ਹਾਂ ਇੱਕ ਵੱਡੀ ਸਮੱਸਿਆ ਬਣ ਚੁੱਕਾ ਹੈ। ਸਿਰਫ਼ ਦੇਸੀ ਨੂੰ ਗਾਲ਼ ਕੱਢਣ ਕਾਰਨ ਦੇਸੀ ਦਰੱਖ਼ਤ ਵੀ ਚਲੇ ਗਏ। ਦੇਸੀ ਦਰੱਖ਼ਤਾਂ ਦੇ ਜਾਂਦੇ ਹੀ ਸਾਡੇ ਸਭਿਆਚਾਰ ਦੀ ਹਰਿਆਲੀ ਵੀ ਚਲੀ ਗਈ। ਸਭਿਆਚਾਰ ਦੇ ਨਾਂ 'ਤੇ ਅੱਜ ਅਸੀਂ ਸਿਰਫ਼ ਸਟੇਜੀ ਬੱਲੇ-ਬੱਲੇ ਦੇ ਮੋਹਤਾਜ ਹੋ ਚੁੱਕੇ ਹਾਂ। ਦੇਸੀ ਦਰੱਖ਼ਤਾਂ ਦੀ ਜਗਾ ਸਫੈਦੇ ਆਏ, ਧਰਤੀ ਬੰਜਰ ਹੋਣ ਲੱਗੀ, ਲੜਾਈਆਂ-ਝਗੜੇ ਹੋਣ ਲੱਗੇ। ਅੱਜ ਵੀ ਹਜ਼ਾਰਾਂ ਕੇਸ ਸਿਰਫ਼ ਸਫ਼ੈਦੇ ਕਾਰਨ ਹੀ ਅਦਾਲਤਾਂ ਵਿੱਚ ਲੜੇ ਜਾ ਰਹੇ ਹਨ। ਸਸਤੇ ਲੰਗਰਾਂ ਦੀ ਆੜ ਵਿੱਚ ਅਤੇ ਅਖ਼ਬਾਰੀ ਇਸ਼ਤਿਹਾਰਾਂ ਕਾਰਨ ਪਾਪੂਲਰ ਹੋਏ ਕੁੱਝ ਸੰਤ ਵੀ ਆਪਣੇ ਡੇਰਿਆਂ ਵਿੱਚ ਹੁਣ ਸਫ਼ੈਦੇ ਦੀ ਥਾਂ ਉਸੇ ਦਾ ਭਰਾ ਪੌਪਲਰ ਲਾਉਣ ਦੀਆਂ ਸਲਾਹਾਂ ਦੇ ਰਹੇ ਹਨ ਤਾਂ ਜੋ ‘ਨਾਮਦਾਨ ਦੀ ਆੜ ਵਿੱਚ ‘ਨਾਮਾਂ ਵੀ ਕਮਾਇਆ ਜਾ ਸਕੇ, ਇਹ ਵੀ ‘ਦੇਸੀ’ ਨੂੰ ਗਾਲ੍ਹ ਕੱਢ ਕੇ ਸਿਰਫ਼ ਪੈਸੇ ਲਈ ਸਭ ਕੁੱਝ ਕਰਨ ਦਾ ਇੱਕ ਹੋਰ ਨਮੂਨਾ ਹੈ।

ਮੰਦਰ ਦੀ ਪਹਿਲੀ ਘੰਟੀ, ਗੁਰਬਾਣੀ ਦੇ ਪਹਿਲੇ ਬੋਲ ਦੇ ਨਾਲ ਹੀ ਖੂਹਾਂ ਉੱਤੇ ਜ਼ਿੰਦਗੀ ਚਹਿਕ ਉੱਠਦੀ ਸੀ। ਬਜ਼ੁਰਗ ਅਤੇ ਬੱਚੇ ਖੂਹ ਗੇੜ ਕੇ ਪਾਣੀ ਦੀਆਂ ਟੈਂਕੀਆਂ ਅਤੇ ਪਸ਼ੂਆਂ ਲਈ ਬਣੀਆਂ ਖੁਰਲੀਆਂ ਭਰ ਦਿੰਦੇ। ਬੱਚੇ ਤੇ ਬਜ਼ੁਰਗ ਤਾਜ਼ੇ ਪਾਣੀ ਨਾਲ ਨਹਾ ਕੇ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਹੀ ਸਾਰੇ ਦਿਨ ਦੇ ਕੰਮਾਂ ਲਈ ਕੁਦਰਤ ਤੋਂ ਅਸੀਸ ਲੈਂਦੇ ਸਨ।

19
ਅੱਜ ਵੀ ਖਰੇ ਹਨ
ਤਾਲਾਬ