ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੱਡ ਚੁੱਕੇ ਹਨ। ਕੋਈ ਵੀ ਅਜ਼ਮਾ ਕੇ ਵੇਖ ਸਕਦਾ ਹੈ। ਛੱਤਾਂ ਉੱਤੇ ਪਰਿੰਦਿਆਂ ਨੂੰ ਪਾਈ ਜਾਣ ਵਾਲੀ ਰੋਟੀ ਸ਼ਾਮ ਤੱਕ ਪਈ-ਪਈ ਸੁੱਕ ਜਾਂਦੀ ਹੈ। ਖੇਤਾਂ ਵਿੱਚ ਡਿੱਗੇ ਦਾਣੇ ਚੁਗ-ਚੁਗ ਪੰਛੀ ਲਗਾਤਾਰ ਮਰ ਰਹੇ ਹਨ। ਹੁਣ ਤਾਂ ਖੇਤਾਂ ਵਿੱਚ ਖੜ੍ਹੇ ਡਰਨੇ ਵੀ ਪੰਛੀਆਂ ਤੋਂ ਬਿਨਾਂ ਵੈਰਾਗ ਗਏ ਹਨ ਕਿਉਂਕਿ ਹੁਣ ਕੋਈ ਟਾਂਵਾ- ਵੱਲਾ ਪੰਛੀ ਵੀ ਡਰਨੇ ਦੇ ਸਿਰ ਦੀ ਥਾਂ ਰੱਖੀ ਤੌੜੀ ਤੇ ਚੁੰਗ ਨਹੀਂ ਮਾਰਦਾ। ਮਿੱਟੀ ਅਤੇ ਪਾਣੀ 'ਚ ਵਧਦੇ ਜ਼ਹਿਰੀਲੇ ਤੱਤਾਂ ਕਾਰਨ ਬਹੁਤ ਸਾਰੇ ਦਰੱਖ਼ਤਾਂ ਨੂੰ ਵੀ ਫਲੀਆਂ ਲੱਗਣੀਆਂ ਬੰਦ ਹੋ ਚੁੱਕੀਆਂ ਹਨ, ਯਾਨੀ ਦਰੱਖ਼ਤ ਵੀ ਬਾਂਝ ਹੋ ਚੱਲੇ ਹਨ, ਪਤਾ ਨਹੀਂ ਆਪਾਂ ਕਦੋਂ ਤੱਕ ਚਾਰੇ ਪਾਸੇ ਸਹੇੜਦੇ ਜਾ ਰਹੇ ਉਜਾੜ ਨੂੰ ਵਿਕਾਸ ਕਹਿਣ ਦੀ ਗ਼ਲਤਫ਼ਹਿਮੀ ਪਾਲੀ ਰੱਖਾਂਗੇ?

ਪੰਜਾਬ ਦੇ ਕਿਸਾਨ ਦਾ ਮਾਣ-ਸਨਮਾਨ ਉਦੋਂ ਤੱਕ ਹੀ ਸੀ ਜਦੋਂ ਤੱਕ ਉਹ ਖ਼ੁਦ ਮਿਹਨਤੀ ਸੀ, ਧਰਤੀ ਦਾ ਪੁੱਤ ਕਹਾਉਂਦਾ ਸੀ। ਪਰ ਧਰਤੀ ਦੇ ਇਨ੍ਹਾਂ ਪੁੱਤਾਂ ਨੇ ਆਪਣੀ ਹੀ ਧਰਤੀ ਦੇ ਸਾਰੇ ਸਤ ਨਿਚੋੜ ਕੇ ਦਾਰੂ ਦੀਆਂ ਕੁਰਲੀਆਂ ਵਿੱਚ ਵਹਾ ਦਿੱਤੇ ਹਨ। ਹਰਮਨਪਿਆਰੀ ਧਰਤੀ ਨੂੰ ਵੀ ਰਸਾਇਣਕ ਖਾਦਾਂ ਪਿਆ-ਪਿਆ ਕੇ ਨਸ਼ੇੜੀ ਬਣਾ ਦਿੱਤਾ ਹੈ। ਵਿਚਾਰੀ ਇਹ ਨਸ਼ੇੜੀ ਧਰਤੀ ਵੀ ਕਦੋਂ ਤੱਕ ਅਤੇ ਕਿੱਥੋਂ ਤੱਕ ਸਾਡੇ ਜਿਹੇ ਗੈਰ-ਸ਼ੁਕਰਿਆਂ ਦਾ ਸਾਥ ਦੇਵੇਗੀ। ਇਸੇ ਕਰਕੇ ਇਨ੍ਹਾਂ ਧਰਤੀ ਪੁੱਤਰਾਂ ਦੀ ਲੜਾਈ ਵੀ ਹੁਣ ਕਿਰਾਏ ਦੇ ਸੈਨਿਕਾਂ 'ਤੇ ਨਿਰਭਰ ਹੋ ਚੁੱਕੀ ਹੈ। ਪ੍ਰਵਾਸੀ ਮਜ਼ਦੂਰਾਂ ਦੇ ਸਿਰ ਉੱਤੇ ਟਿਕੀ ਸਾਡੀ ਖੇਤੀ ਕਿੰਨੀ ਦੇਰ ਅਤੇ ਕਿੰਨੀ ਹੋਰ ਦੂਰ ਤੱਕ ਟਿਕ ਸਕੇਗੀ, ਇਹ ਸਭ ਸਿਰਫ਼ ਦਵਾਈਆਂ ਦੇ ਸਹਾਰੇ ਮਰੀਜ਼ ਸਾਂਭਣ ਵਾਲੇ ਮਾਡਰਨ ਖੇਤੀ ਦੇ ਸਾਡੇ ਯੋਜਨਾਕਾਰਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ। ਵਾਢੀ ਤੋਂ ਪਹਿਲਾਂ ਜਦੋਂ ਪ੍ਰਵਾਸੀ ਮਜ਼ਦੂਰ ਆਉਂਦੇ ਹਨ ਤਾਂ ਰੇਲਵੇ ਸਟੇਸ਼ਨਾਂ ਉੱਤੇ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਚੰਗੇ-ਚੰਗੇ ਰਾਜਾ ਭੋਜ ਉਨ੍ਹਾਂ ਸਾਹਮਣੇ ਗੰਗੂ ਤੇਲੀਆਂ ਵਾਂਗ ਹੱਥ ਬੰਨ੍ਹੀ ਖਲੋਤੇ ਹੁੰਦੇ ਹਨ।

'ਹਰੇ ਇਨਕਲਾਬ ਮਗਰੋਂ ਤਰੱਕੀ ਦੀ ਪਹਿਲੀ ਫੈਕਸ 1988 ਵਿੱਚ ਉਦੋਂ ਬਾਹਰ ਆਈ, ਜਦੋਂ ਕਰਜ਼ੇ ਵਿੱਚ ਡੁੱਬੇ ਪੰਜਾਬ ਦੇ ਪਹਿਲੇ ਕਿਸਾਨ ਨੇ ਖ਼ੁਦਕੁਸ਼ੀ ਕੀਤੀ। ਉਸੇ ਸਾਲ 15 ਹੋਰ ਆਤਮ ਹੱਤਿਆਵਾਂ ਹੋਈਆਂ। 1997 ਤੱਕ ਇਹ ਗਿਣਤੀ 400 ਤੱਕ ਪੁੱਜ ਗਈ ਅਤੇ ਸੰਨ 2006 ਤੱਕ ਇਹ ਗਿਣਤੀ 2118 ਹੋ ਗਈ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਇਹ ਅੰਕੜੇ ਸਰਕਾਰ ਚਲਾਉਣ ਵਾਲੇ ਉਨ੍ਹਾਂ ਨੇਤਾਵਾਂ ਦੇ ਜਿਹੜੇ ਦਿਨ-ਰਾਤ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਬੈਠ ਕੇ ਦੇਸ਼ ਸੇਵਾ ਦੇ ਨਸ਼ੇ ਵਿੱਚ ਨ ਦਿਸਦੇ ਹਨ। ਚੋਣਾਂ ਦੇ ਸੀਜ਼ਨ ਵਿੱਚ ਦੇਸ਼ ਸੇਵਾ ਦੀ ਇਸੇ ਪਿਨਕ ਵਿੱਚੋਂ ਕਈ ਨੇਤਾਵਾਂ ਦੇ ਮੂੰਹ 'ਚੋਂ ਬੇ-ਆਬ ਹੁੰਦੇ ਪੰਜਾਬ ਨੂੰ ਪੈਰਿਸ ਬਣਾਉਣ ਦੀ ਝੱਗ ਵੀ ਨਿੱਕਲਣ ਲੱਗ ਪੈਂਦੀ ਹੈ। ਪੰਜਾਬ ਵਿੱਚ ਅੱਜ ਜਿਸ ਕਿਸਾਨ ਕੋਲ 10 ਏਕੜ ਜ਼ਮੀਨ ਹੈ, ਉਸਦੀ ਸਿਰਫ਼ ਦੋ ਵਕਤ ਦੀ ਰੋਟੀ ਹੀ ਚੱਲਦੀ ਹੈ। ਮਾਲਵੇ ਦੇ

21
ਅੱਜ ਵੀ ਖਰੇ ਹਨ
ਤਾਲਾਬ