ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਲਕ ਲੱਭਣ ਦੀ ਪ੍ਰਵਿਰਤੀ ਲੱਖਾਂ ਸਾਲਾਂ ਤੋਂ ਚਲਦੀ ਆ ਰਹੀ ਹੈ। ਜਿਸ ਦੇਸ਼ ਵਿੱਚ ਨਦੀ ਜਾਂ ਸਰੋਵਰਾਂ ਵਿੱਚ ਵੀ ਇਸ਼ਨਾਨ ਤੋਂ ਪਹਿਲਾਂ ਹੱਥ ਜੋੜ ਕੇ ਨਮਸਕਾਰ ਕਰਨ ਜਿਹੀਆਂ ਨਿਰਮਲ ਰੀਤਾਂ ਰਹੀਆਂ ਹੋਣ ਉਸ ਦੇਸ਼ ਵਿੱਚ ਕੁੱਝ ਔੜ ਬੜਿੰਗ 'ਰੈਡੀਕਲਾਂ' ਦੀਆਂ ਗੱਲਾਂ ਕਿਉਂ ਮੰਨੀਆਂ ਜਾਣ ਕਿ ਪਾਣੀ ਤਾਂ ਸਿਰਫ਼ ਪਾਣੀ ਹੀ ਹੈ, ਪਾਣੀ ਤਾਂ ਸਿਰਫ਼ ਐਚ. ਟੁ. ਓ. ਹੀ ਹੈ। ਕਿੱਥੇ ਹੈ ਪਰਮਾਤਮਾ? ਜੇਕਰ ਅਜਿਹੇ ਤਰਕ ਹੀ ਆਉਣ ਵਾਲੇ ਅਖੌਤੀ ਪ੍ਰਗਤੀਸ਼ੀਲ ਸਮਾਜ ਦੀ ਨੀਹਾਂ ਦੀ ਹਨੇਰਗਰਦੀ ਹਨ ਤਾਂ ਫੇਰ ਸਾਹ ਕੀ ਹੈ?, ਹਵਾ ਹੀ ਹੈ, ਹਵਾ ਕੀ ਹੈ? ਗੈਸਾਂ ਤੋਂ ਇਲਾਵਾ ਸ਼ਾਇਦ ਕੁੱਝ ਵੀ ਨਹੀਂ। ਕੱਢੋ ਅਤੇ ਛੱਡੋ ਫੇਰ ਸਾਹ! ਜੀ ਨਹੀਂ, ਇਸ ਭਾਵ-ਪ੍ਰਧਾਨ ਦੇਸ਼ ਵਿੱਚ ਪੂਰੇ ਜਗਤ ਨੂੰ ਸਚੇਤਨ ਮੰਨਿਆ ਗਿਆ, ਜਿੱਥੋਂ ਤੱਕ ਵੀ ਕੁੱਝ ਦਿਖਾਈ ਦਿੰਦਾ ਹੈ, ਬੱਸ ਉਹੀ ਅੰਤ ਨਹੀਂ, ਉਸਦੇ ਅੰਦਰ ਹੋਰ ਵੀ ਬਹੁਤ ਕੁੱਝ ਗਹਿਰਾ ਹੈ। ਪੰਜ ਤੱਤ ਉਨ੍ਹਾਂ ਗਹਿਰਾਈਆਂ ਦੇ ਹੀ ਸੱਚ ਹਨ। ਇੱਥੇ ਸਿਰਫ਼ ਨੌਕਰੀਆਂ ਲਈ ਕੀਤੀਆਂ ਡਿਗਰੀਆਂ ਦਾ ‘ਉ, ਅ ਬੇ-ਅਰਥ ਹੋ ਜਾਂਦਾ ਹੈ। ਇਸ ਲਈ ਦੂਜੀਆਂ ਸਭਿਅਤਾਵਾਂ ਉੱਤੇ ਲਗਾਤਾਰ ਕਲਸਟਰ ਬੰਬਾਂ ਨਾਲ ਹਮਲੇ ਕਰਨ ਵਾਲੇ, ਦੂਜੇ ਮੁਲਕਾਂ ਦੀਆਂ ਜ਼ਮੀਨਾਂ ਲਈ ਬੰਜਰੀ ਬੀਅ ਅਤੇ ਦਰੱਖ਼ਤ ਭੇਜਣ ਵਾਲੇ, ਦੂਜਿਆਂ ਦੀ ਧਰਤੀ ਦੀ ਉਪਜਾਊ ਤਾਕਤ ਨੂੰ ਫੂਕਣ ਵਾਲੇ ਪੈਸਟੀਸਾਈਡ ਭੇਜ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਗੁਲਾਮ ਬਣਾਉਣ ਵਾਲੇ, ਦੂਜਿਆਂ ਦਾ ਤੇਲ, ਦਰੱਖ਼ਤ, ਵਨਸਪਤੀ, ਪਾਣੀ ਅਤੇ ਜੀਵਨ ਦੇ ਗੂੜ੍ਹ ਰਹਿਸ ਹੜਪਣ (ਪੇਟੈਂਟ) ਵਾਲੇ ਜਦੋਂ ਦੂਜੇ ਗ੍ਰਹਿਆਂ ਉੱਤੇ ਵੀ ਜਾਂਦੇ ਹਨ ਤਾਂ ਉੱਥੇ ਵੀ ਧਰਤੀ 'ਤੇ ਕੀਤੇ ਆਪਣੇ ਪਾਪਾਂ ਤੋਂ ਡਰ ਦੇ ਕਾਰਨ ਹੀ ਸਭ ਤੋਂ ਪਹਿਲਾਂ ਪਾਣੀ ਹੀ ਲੱਭਦੇ ਹਨ। ਇਸ ਲਈ ਸਾਨੂੰ ‘ਵਿਸ਼ਵ ਵਪਾਰ ਸੰਗਠਨ' ਅਤੇ ਆਈ. ਐਮ. ਐਫ. ਜਿਹੇ ‘ਗਜ਼ਨਵੀਆਂ' ਦੀ ਪਰਵਾਹ ਕੀਤੇ ਬਗੈਰ ਆਪਣੀ ਸੰਸਕ੍ਰਿਤੀ, ਪ੍ਰੰਪਰਾਵਾਂ ਅਤੇ ਮਹਾਨ ਸੰਤ ਦਰਸ਼ਨ ਤੋਂ ਪ੍ਰੇਰਣਾ ਲੈ ਕੇ ਆਪਣੇ ਵਾਤਾਵਰਣ ਨੂੰ ਸੰਭਾਲਣ ਵਿੱਚ ਫੌਰੀ ਜੁਟ ਜਾਣਾ ਚਾਹੀਦਾ ਹੈ। ਜ਼ਰਾ ਯਾਦ ਕਰੋ ਆਪਣੇ ਦੇਸੀ ਤਰੀਕਿਆਂ ਦਾ ਉਹ ਭਰੋਸਾ ਜਿਨ੍ਹਾਂ ਨੂੰ ਅਪਣਾ ਕੇ ਆਪਣੇ ਪੁਰਖਿਆਂ ਨੇ ਆਜ਼ਾਦੀ ਦੀ 'ਕੂਕ' ਮਾਰੀ ਸੀ। ਭਾਵੇਂ ਉਹ ਦੂਜੇ ਵਿਸ਼ਵ ਯੁੱਧ ਦਾ ਸਮਾਂ ਸੀ ਪਰ ਆਜ਼ਾਦੀ ਦਾ ਸਾਰਾ ਦੇਸੀ ਜਜ਼ਬਾ, ਦੇਸ਼ ਦੇ ਹਰ ਹਿੱਸੇ ਦੀਆਂ ਵੱਖੋ-ਵੱਖਰੀਆਂ ਆਵਾਜ਼ਾਂ ਦੇ ਬਾਵਜੂਦ ਕਿੱਦਾਂ ਹਰੇਕ ਭਾਰਤੀ ਦੇ ਦਿਲ ਵਿੱਚ ‘ਸੂਦੇਸ਼' ਬਣ ਧੜਕਿਆ ਸੀ।

ਸਾਨੂੰ ਸਭਨਾਂ ਨੂੰ ਹੁਣ ਫੇਰ ਉਸ ਧਰਤੀ ਨੂੰ ਯਾਦ ਕਰਨਾ ਪਵੇਗਾ ਜਿਸ ਉੱਪਰ ਪੂਰਾ ਜੀਵਨ ਭੋਗ ਕੇ ਵੀ ਅਸੀਂ ਯਾਦ ਨਹੀਂ ਕਰਦੇ। ਅਸੀਂ ਸਿਰਫ਼ ਆਪਣੇ ਬਣਾਏ ਤੰਤਰ ਨੂੰ ਹੀ ਪਰਜਾਤੰਤਰ ਮੰਨ ਬੈਠੇ ਹਾਂ। ਸ਼ਾਇਦ ਇਹ ਠੀਕ ਨਹੀਂ। ਪਰਮਪਿਤਾ ਪਰਮੇਸ਼ਰ ਨੇ ਇਸ ਧਰਤੀ ਉੱਤੇ ਸਿਰਫ਼ ਆਦਮੀ ਨੂੰ ਹੀ ਪੈਦਾ ਨਹੀਂ ਕੀਤਾ। ਉਸਨੇ ਪਸ਼ੂ, ਪੰਛੀ, ਕੀਟ, ਪਤੰਗੇ, ਦਰੱਖ਼ਤ ਅਤੇ ਬੂਟਿਆਂ ਨੂੰ ਵੀ ਪੈਦਾ ਕੀਤਾ ਹੈ।

27
ਅੱਜ ਵੀ ਖਰੇ ਹਨ
ਤਾਲਾਬ