ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/40

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਂਹ ਤੋਂ
ਸਿਖ਼ਰ ਤੱਕ

ਅੱਜ ਅਣ-ਪੁੱਛੀ ਗਿਆਰਸ ਹੈ, ਦੇਵਤੇ ਉੱਠ ਗਏ ਹਨ, ਹੁਣ ਚੰਗੇ-ਚੰਗੇ ਕੰਮ ਕਰਨ ਲਈ ਕਿਸੇ ਤੋਂ ਪੁੱਛਣ ਦੀ, ਮਹੂਰਤ ਕਢਵਾਉਣ ਦੀ ਲੋੜ ਨਹੀਂ। ਫੇਰ ਵੀ ਸਭ ਲੋਕ ਇਕੱਠੇ ਹੋ ਕੇ ਆਪਸ ਵਿੱਚ ਸਲਾਹ ਮਸ਼ਵਰਾ ਕਰ ਰਹੇ ਹਨ। ਨਵਾਂ ਤਾਲਾਬ ਜੁ ਬਣਾਉਣਾ ਹੋਇਆ।

ਪਾਠਕਾਂ ਨੂੰ ਲੱਗੇਗਾ ਕਿ ਹੁਣ ਉਹਨਾਂ ਨੂੰ ਤਾਲਾਬ ਬਣਾਉਣ ਦਾ-ਵੱਟ ਬਣਾਉਣ ਤੋਂ ਲੈ ਕੇ ਪਾਣੀ ਭਰਨ ਤੱਕ ਦਾ ਪੂਰਾ ਵੇਰਵਾ ਦਿੱਤਾ ਜਾਵੇਗਾ, ਪਰ ਅਸੀਂ ਖ਼ੁਦ ਵੀ ਇਹ ਵੇਰਵਾ ਲੱਭਦੇ ਰਹੇ, ਸਾਨੂੰ ਵੀ ਉਹ ਕਿਤੋਂ ਨਹੀਂ ਲੱਭਿਆ। ਜਿੱਥੇ ਸਦੀਆਂ ਤੱਕ ਹਜ਼ਾਰਾਂ ਤਾਲਾਬ ਬਣਦੇ ਰਹੇ, ਉੱਥੇ ਤਾਲਾਬ ਬਣਾਉਣ ਦਾ ਪੂਰਾ ਵੇਰਵਾ ਨਾ ਮਿਲਣਾ ਆਪਣੇ ਆਪ ਵਿੱਚ ਬੜਾ ਅਜੀਬ ਜਿਹਾ ਲਗਦਾ ਹੈ, ਪਰ ਇਹ ਗੱਲ ਬਹੁਤੀ ਅਜੀਬ ਵੀ ਨਹੀਂ ਹੈ। ‘ਤਾਲਾਬ ਕਿਵੇਂ ਬਣਾਈਏ' ਦੀ ਥਾਂ ਚਾਰੇ ਪਾਸੇ ‘ਤਾਲਾਬ ਇੰਝ ਬਣਾਈਏ' ਦਾ ਰਿਵਾਜ ਸੀ। ਫੇਰ ਵੀ ਜੇਕਰ ਛੋਟੇ-ਛੋਟੇ ਟੁਕੜੇ ਜੋੜੀਏ ਤਾਂ ਤਾਲਾਬ ਬਣਾਉਣ ਦੀ ਸੁੰਦਰ ਨਾ ਸਹੀ, ਕੰਮ ਚਲਾਊ ਤਸਵੀਰ ਤਾਂ ਸਾਹਮਣੇ ਆ ਹੀ ਸਕਦੀ ਹੈ।

.....ਅਣਪੁੱਛੀ ਗਿਆਰਸ ਹੈ, ਹੁਣ ਪੁੱਛਣਾ ਕੀ। ਸਾਰੀ ਗੱਲਬਾਤ ਤਾਂ ਪਹਿਲਾਂ ਹੋ ਹੀ ਚੁੱਕੀ ਹੈ। ਤਾਲਾਬ ਦੀ ਥਾਂ ਵੀ ਤੈਅ ਹੋ ਚੁੱਕੀ ਹੈ। ਤੈਅ ਕਰਨ ਵਾਲਿਆਂ ਦੀਆਂ ਅੱਖਾਂ ਵਿੱਚ ਪਤਾ ਨਹੀਂ ਕਿੰਨੀਆਂ ਕੁ ਬਰਸਾਤਾਂ ਉੱਪਰ ਚੁੱਕੀਆਂ ਹਨ। ਇਸ ਲਈ ਉੱਥੇ ਅਜਿਹੇ ਸਵਾਲ ਨਹੀਂ ਉੱਠਦੇ ਕਿ ਪਾਣੀ ਕਿੱਥੋਂ ਆਉਂਦਾ ਹੈ, ਕਿੰਨਾ ਪਾਣੀ ਆਉਂਦਾ ਹੈ, ਉਸਦਾ ਕਿੰਨਾ ਹਿੱਸਾ ਕਿੱਥੇ ਰੋਕਿਆ ਜਾ ਸਕਦਾ ਹੈ। ਇਹ ਸਵਾਲ ਨਹੀਂ ਹਨ, ਗੱਲਾਂ ਬਿਲਕੁਲ ਸਿੱਧੀਆਂ, ਉਨ੍ਹਾਂ ਦੀਆਂ ਉਂਗਲਾਂ ਤੇ ਗਿਣੀਆਂ-ਮਿਣੀਆਂ। ਇਨ੍ਹਾਂ ਵਿੱਚੋਂ ਹੀ ਕੁੱਝ ਅੱਖਾਂ ਨੇ ਇਨ੍ਹਾਂ ਤੋਂ ਪਹਿਲਾਂ ਵੀ ਕਈ ਤਾਲਾਬ ਪੁੱਟੇ ਹਨ ਅਤੇ ਇਨ੍ਹਾਂ ਵਿੱਚੋਂ ਹੀ ਕੁੱਝ ਅੱਖਾਂ ਅਜਿਹੀਆਂ ਹਨ, ਜਿਹੜੀਆਂ ਪੀੜ੍ਹੀਆਂ ਤੋਂ ਇਹੋ ਕੰਮ ਕਰਦੀਆਂ ਆ ਰਹੀਆਂ ਹਨ।

ਉਂਝ ਤਾਂ ਦਸ ਦੀਆਂ ਦਸ ਦਿਸ਼ਾਵਾਂ ਹੀ ਖੁੱਲ੍ਹੀਆਂ ਹਨ। ਤਾਲਾਬ ਬਣਾਉਣ ਲਈ ਫੇਰ ਵੀ ਥਾਂ ਦੀ ਚੋਣ ਕਰਦਿਆਂ ਕਈ ਗੱਲਾਂ ਦਾ ਧਿਆਨ ਰੱਖਿਆ ਗਿਆ ਹੈ।

36
ਅੱਜ ਵੀ ਖਰੇ ਹਨ
ਤਾਲਾਬ