ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੰਸਾਰ ਸਾਗਰ
ਦੇ ਨਾਇਕ

ਕੌਣ ਸਨ ਬੇਨਾਮ ਲੋਕ?

ਸੈਂਕੜੇ ਹਜ਼ਾਰਾਂ ਤਾਲਾਬ ਅਚਾਨਕ ਖਲਾਅ 'ਚੋਂ ਪੈਦਾ ਨਹੀਂ ਸਨ ਹੋਏ। ਉਨ੍ਹਾਂ ਦੇ ਪਿੱਛੇ ਇੱਕ ਇਕਾਈ ਸੀ ਬਣਾਉਣ ਵਾਲਿਆਂ ਦੀ, ਅਤੇ ਦਹਾਈ ਸੀ ਬਣਵਾਉਣ ਵਾਲਿਆਂ ਦੀ। ਇਹ ਇਕਾਈ-ਦਹਾਈ ਮਿਲ ਕੇ ਸੈਂਕੜੇ ਹਜ਼ਾਰ ਬਣਦੀ ਸੀ, ਪਰ ਪਿਛਲੇ ਦੋ ਸੌ ਸਾਲਾਂ ਵਿੱਚ ਨਵੀਂ ਕਿਸਮ ਦੀ ਥੋੜ੍ਹੀ ਜਿਹੀ ਪੜ੍ਹਾਈ ਪੜ੍ਹ ਗਏ ਸਮਾਜ ਨੇ ਇਸ ਇਕਾਈ-ਦਹਾਈ, ਸੈਂਕੜੇ-ਹਜ਼ਾਰ ਨੂੰ ਬਿਲਕੁਲ ਸਿਫ਼ਰ ਹੀ ਬਣਾ ਦਿੱਤਾ। ਇਸ ਨਵੇਂ ਸਮਾਜ ਵਿੱਚ ਇਹ ਜਾਣਨ ਦੀ ਵੀ ਉਤਸੁਕਤਾ ਨਹੀਂ ਬਚੀ ਕਿ ਉਨ੍ਹਾਂ ਤੋਂ ਪਹਿਲਾਂ ਵਾਲੇ ਦੌਰ ਵਿੱਚ ਤਾਲਾਬ ਭਲਾ ਕੌਣ ਬਣਾਉਂਦਾ ਸੀ। ਉਸਨੇ ਅਜਿਹੇ ਕੰਮ ਕਰਨ ਲਈ ਕਿਸ ਤਰ੍ਹਾਂ ਦਾ ਢਾਂਚਾ ਖੜ੍ਹਾ ਕੀਤਾ ਸੀ, ਆਈ.ਆਈ.ਟੀ. ਦਾ, ਸਿਵਲ ਇੰਜੀਨੀਅਰਿੰਗ ਦਾ, ਉਸ ਪੈਮਾਨੇ ਨਾਲ, ਉਸ ਗਜ਼ ਨਾਲ ਵੀ ਇਸ ਤੋਂ ਪਹਿਲਾਂ ਹੋ ਚੁੱਕੇ ਕੰਮ ਨੂੰ ਨਾਪਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।

ਜੇਕਰ ਉਹ ਆਪਣੇ ਗਜ਼ ਨਾਲ ਵੀ ਉਸ ਕੰਮ ਨੂੰ ਨਾਪਦਾ ਤਾਂ ਘੱਟੋ-ਘੱਟ ਉਸਦੇ ਮਨ ਵਿੱਚ ਅਜਿਹੇ ਸਵਾਲ ਤਾਂ ਉੱਠਦੇ ਹੀ ਕਿ ਉਸ ਦੌਰ ਦੀ ਆਈ.ਆਈ.ਟੀ. ਕਿੱਥੇ ਸੀ। ਕੌਣ ਸਨ ਉਸਦੇ ਨਿਰਦੇਸ਼ਕ? ਕਿੰਨਾ ਬਜਟ ਸੀ ਉਸਦਾ? ਕਿੰਨੇ ਸਿਵਲ ਇੰਜੀਨੀਅਰ ਨਿਕਲਦੇ ਸਨ? ਪਰ ਉਸਨੇ ਇਸ ਸਭ ਨੂੰ ਗੁਜ਼ਰੇ ਵਕਤ ਦਾ ਹੋਇਆ ਬੀਤਿਆ ਕੰਮ ਮੰਨਿਆ ਅਤੇ ਪਾਣੀ ਦੇ ਪ੍ਰਸ਼ਨ ਨੂੰ ਨਵੇਂ ਢੰਗ ਨਾਲ ਹੱਲ ਕਰਨ ਦਾ ਵਾਅਦਾ ਵੀ ਕੀਤਾ ਅਤੇ ਦਾਅਵਾ ਵੀ।

ਪਿੰਡਾਂ, ਕਸਬਿਆਂ ਦੀ ਤਾਂ ਗੱਲ ਹੀ ਛੱਡੋ, ਵੱਡੇ ਸ਼ਹਿਰਾਂ ਦੇ ਸਾਂ-ਸਾਂ ਕਰਦੇ ਨਲਕਿਆਂ ਵਿੱਚ ਮਰਜ਼ੀ ਨਾਲ ਆਉਂਦਾ ਪਾਣੀ ਇਸ ਵਾਅਦੇ ਅਤੇ ਦਾਅਵੇ ਨੂੰ ਮੂੰਹ ਚਿੜਾਉਂਦਾ ਹੈ। ਜੇਕਰ ਇਸ ਸਮੇਂ ਦੇ ਸਮਾਜ ਦੇ ਦਾਅਵੇ ਨੂੰ ਉਸੇ ਦੇ ਹੀ ਗਜ਼ ਨਾਲ ਨਾਪੀਏ ਤਾਂ ਕਦੇ ਦਾਅਵੇ ਛੋਟੇ ਹੋ ਜਾਂਦੇ ਹਨ ਤਾਂ ਕਦੇ ਗਜ਼ ਹੀ ਛੋਟਾ ਰਹਿ ਜਾਂਦਾ ਹੈ।

42
ਅੱਜ ਵੀ ਖਰੇ ਹਨ
ਤਾਲਾਬ