ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਕਿਤੇ-ਕਿਤੇ ਤਾਲਾਬ ਵੀ। ਆਦਮੀ-ਔਰਤ ਅਕਸਰ ਇਕੱਠੇ ਕੰਮ ਕਰਦੇ ਸਨ। ਓੜੀ ਮਿੱਟੀ ਦੇ ਬੜੇ ਵਧੀਆ ਜਾਣਕਾਰ ਸਨ। ਮਿੱਟੀ ਦੇ ਰੰਗ ਅਤੇ ਮਿੱਟੀ ਦੀ ਖੁਸ਼ਬੂ ਤੋਂ ਹੀ ਮਿੱਟੀ ਦਾ ਸੁਭਾਅ ਪੜ੍ਹ ਲੈਂਦੇ ਸਨ। ਮਿੱਟੀ ਦੀ ਤਹਿ ਅਤੇ ਮਿੱਟੀ ਦਾ ਦਬਾਅ ਵੀ ਖ਼ੂਬ ਸਮਝਦੇ ਸਨ। ਰਾਜਸਥਾਨ ਵਿੱਚ ਅੱਜ ਵੀ ਕਹਾਵਤ ਹੈ ਕਿ ਓਡ ਕਦੇ ਦਬ ਕੇ ਨਹੀਂ ਮਰਦੇ।

ਪ੍ਰਸਿੱਧ ਲੋਕ ਨਾਇਕਾ ਜਸਮਾ ਓੜਨ ਧਾਰ ਨਗਰੀ ਦੇ ਇੱਕ ਅਜਿਹੇ ਹੀ ਤਾਲਾਬ ਉੱਤੇ ਕੰਮ ਕਰ ਰਹੀ ਸੀ, ਜਦੋਂ ਰਾਜਾ ਭੋਜ ਨੇ ਉਸ ਨੂੰ ਵੇਖਿਆ ਅਤੇ ਆਪਣਾ ਰਾਜਭਾਗ ਤੱਕ ਛੱਡਣ ਦਾ ਫੈਸਲਾ ਕਰ ਲਿਆ। ਰਾਜੇ ਨੂੰ ਜਸਮਾ ਸੋਨੇ ਦੀ ਬਣੀ ਅਪਸਰਾ ਦੇ ਰੂਪ ਵਿੱਚ ਦਿਖਾਈ ਦਿੱਤੀ ਸੀ, ਪਰ ਓੜੀ ਪਰਿਵਾਰ ਵਿੱਚ ਜੰਮੀ-ਪਲੀ ਜਸਮਾ ਆਪਣੇ-ਆਪ ਨੂੰ, ਆਪਣੇ ਸਰੀਰ ਨੂੰ ਤਾਂ ਕੀ ਸੰਸਾਰ ਤੱਕ ਨੂੰ ਮਿੱਟੀ ਮੰਨਣ ਵਾਲੀ ਪਰੰਪਰਾ ਦਾ ਹਿੱਸਾ ਸੀ। ਕਹਾਣੀ ਦੱਸਦੀ ਹੈ ਕਿ ਰਾਜਾ ਜਸਮਾ ਨੂੰ ਹਾਸਿਲ ਕਰਨ ਵਾਸਤੇ ਕੁੱਝ ਵੀ ਕਰਨ ਲਈ ਤਿਆਰ ਸੀ। ਜਸਮਾ ਨੇ ਅਜਿਹੇ ਰਾਜੇ ਦੀ ਰਾਣੀ ਬਣਨ ਦੀ ਥਾਂ ਮਰਨਾ ਪਸੰਦ ਕੀਤਾ। ਰਾਜੇ ਦਾ ਨਾਂ ਤਾਂ ਮੱਧਮ ਗਿਆ, ਪਰ ਜਸਮਾ ਓੜਨ ਦਾ ਜੱਸ ਅੱਜ ਤੱਕ ਵੀ ਉੜੀਸਾ, ਗੁਜਰਾਤ, ਛੱਤੀਸਗੜ੍ਹ, ਮਹਾਕੌਸ਼ਲ, ਮਾਲਵਾ, ਰਾਜਸਥਾਨ ਤੱਕ ਫੈਲਿਆ ਹੋਇਆ ਹੈ। ਸੈਂਕੜੇ ਵਰ੍ਹੇ ਬੀਤ ਗਏ ਇਨ੍ਹਾਂ ਖੇਤਰਾਂ ਵਿੱਚ ਅੱਜ ਵੀ ਫ਼ਸਲ ਕੱਟਣ ਮਗਰੋਂ ਪੂਰੀ-ਪੂਰੀ ਰਾਤ ਜਸਮਾ ਓੜਣ ਦੇ ਗੀਤ ਗਾਏ ਜਾਂਦੇ ਹਨ, ਨੌਟੰਕੀ ਖੇਡੀ ਜਾਂਦੀ ਹੈ। ਭਵਈ ਦੀਆਂ ਸਟੇਜਾਂ ਤੋਂ ਲੈ ਕੇ ਭਾਰਤ ਭਵਨ, ਐਨ.ਐਸ.ਡੀ. ਤੱਕ ਜਸਮਾ ਓੜਨ ਦੇ ਚਰਨ ਪਏ ਹੋਏ ਹਨ। ਜਸਮਾ ਓੜਨ ਦੇ ਜੱਸ ਦਾ ਸਤ ਤਾਂ ਲੋਕਾਂ ਦੇ ਦਿਲਾਂ ਵਿੱਚ ਬਚਿਆ ਰਿਹਾ, ਪਰ ਓੜੀਆਂ ਦਾ ਤਾਲਾਬ ਅਤੇ ਖੂਹ ਬਣਾਉਣ ਦਾ ਜੱਸ ਲੋਕੀ ਭੁੱਲ ਗਏ। ਜਿਹੜੇ ਸੱਚਮੁੱਚ ਰਾਸ਼ਟਰ ਨਿਰਮਾਤਾ ਸਨ, ਉਨ੍ਹਾਂ ਨੂੰ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਭਟਕਣ ਲਈ ਮਜਬੂਰ ਕਰ ਦਿੱਤਾ ਗਿਆ। ਕਈ ਓੜੀ ਅੱਜ ਵੀ ਇਹੋ ਕੰਮ ਕਰਦੇ ਹਨ। ਇੰਦਰਾ ਨਹਿਰ ਬਣਾਉਣ ਲਈ ਹਜ਼ਾਰਾਂ ਓੜੀ ਲੱਗੇ ਸਨ, ਪਰ ਉਨ੍ਹਾਂ ਦਾ ਜੱਸ ਜਾਂਦਾ ਰਿਹਾ ਹੈ।

ਉੜੀਸਾ ਵਿੱਚ ਓੜੀਆਂ ਤੋਂ ਇਲਾਵਾ ਸੋਨਪੁਰਾ ਅਤੇ ਮਹਾਪਾਤਰ ਵੀ ਤਾਲਾਬਾਂ ਅਤੇ ਖੂਹਾਂ ਦੇ ਨਿਰਮਾਤਾ ਸਨ। ਇਹ ਰੀਜਾਮ, ਪੁਰੀ, ਕੋਣਾਰਕ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੱਕ ਫੈਲੇ ਹੋਏ ਸਨ। ਸੋਨਪੁਰਾ ਬਾਲੰਗੀਰ ਜ਼ਿਲ੍ਹੇ ਦੇ ਸੋਨਪੁਰ ਪਿੰਡ ਤੋਂ ਨਿੱਕਲੇ ਸਨ। ਇੱਕ ਪਾਸੇ ਇਹ ਮੱਧ-ਪ੍ਰਦੇਸ਼ ਤੱਕ ਜਾਂਦੇ ਸਨ, ਦੂਜੇ ਪਾਸੇ ਥੱਲੇ ਆਂਧਰਾ ਦੇਸ਼ ਤੱਕ। ਖਰੀਆ ਜਾਤੀ ਰਾਮਗੜ੍ਹ, ਬਿਲਾਸਪੁਰ ਅਤੇ ਸਰਗੁਜਾਦੇ ਆਲੇ-ਦੁਆਲੇ ਤਾਲਾਬ, ਛੋਟੇ ਬੰਨ੍ਹ ਅਤੇ ਨਹਿਰਾਂ ਬਣਾਉਣ ਦਾ ਕੰਮ ਕਰਦੀ ਸੀ। 1971 ਦੀ ਮਰਦਮਸ਼ੁਮਾਰੀ ਵਿੱਚ ਇਨ੍ਹਾਂ ਦੀ ਗਿਣਤੀ 23 ਹਜ਼ਾਰ ਸੀ।

ਬਿਹਾਰ ਵਿੱਚ ਮੁਸਹਰ, ਬਿਹਾਰ ਨਾਲ ਜੁੜੇ ਉੱਤਰ-ਪ੍ਰਦੇਸ਼ ਦੇ ਹਿੱਸਿਆਂ ਵਿੱਚ ਲੁਨੀਆ, ਮੱਧ-ਪ੍ਰਦੇਸ਼ ਵਿੱਚ ਨੌਨੀਆ, ਦੁਸਾਧ ਅਤੇ ਕੋਲ ਜਾਤੀਆਂ ਵੀ ਤਾਲਾਬ

50
ਅੱਜ ਵੀ ਖਰੇ ਹਨ
ਤਾਲਾਬ