ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/58

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਲਈ ਮਿੱਟੀ ਦਾ ਕੰਮ ਰਾਮ ਦਾ ਹੀ ਕੰਮ ਸੀ। ਰਾਏਪੁਰ, ਬਿਲਾਸਪੁਰ ਅਤੇ ਰਾਏਗੜ੍ਹ ਜ਼ਿਲ੍ਹਿਆਂ ਵਿੱਚ ਫੈਲੇ ਇਹ ਲੋਕ ਪੂਰੇ ਖੇਤਰ ਵਿੱਚ ਘੁੰਮ-ਘੁੰਮ ਕੇ ਤਾਲਾਬ ਪੁੱਟਦੇ ਰਹੇ। ਬੇਸ਼ੱਕ ਇਸ ਘੁਮੱਕੜਪੁਣੇ ਕਾਰਨ ਹੀ ਇਨ੍ਹਾਂ ਨੂੰ ਵਣਜਾਰਾ ਕਿਹਾ ਗਿਆ। ਛੱਤੀਸਗੜ੍ਹ ਦੇ ਕਈ ਪਿੰਡਾਂ ਵਿੱਚ ਲੋਕੀ ਅੱਜ ਵੀ ਇਹ ਕਹਿੰਦੇ ਮਿਲ ਜਾਣਗੇ ਕਿ ਉਨ੍ਹਾਂ ਦਾ ਤਾਲਾਬ ਵਣਜਾਰਿਆਂ ਨੇ ਬਣਾਇਆ ਸੀ। ਇਹ ਰਾਮਨਾਮੀ ਹਿੰਦੂ ਹੋਣ ਦੇ ਬਾਵਜੂਦ ਅੰਤਿਮ ਸਸਕਾਰਾਂ ਵਿੱਚ ਮੁਰਦੇ ਨੂੰ ਅੱਗ ਨਹੀਂ ਸਨ ਲਾਉਂਦੇ ਸਗੋਂ ਦਫ਼ਨਾਉਂਦੇ ਸਨ। ਕਿਉਂਕਿ ਉਨ੍ਹਾਂ ਲਈ ਮਿੱਟੀ ਤੋਂ ਵੱਡਾ ਕੁੱਝ ਨਹੀਂ ਸੀ। ਜ਼ਿੰਦਗੀ ਭਰ ਰਾਮ ਦਾ ਨਾਂ ਲੈ ਕੇ, ਤਾਲਾਬ ਦਾ, ਮਿੱਟੀ ਦਾ ਕੰਮ ਕਰਨ ਵਾਲਿਆਂ ਲਈ ਜੀਵਨ ਭਰ ਦੀ ਥਕਾਵਟ ਲਾਹੁਣ ਲਈ ਆਰਾਮ ਲਈ ਹੋਰ ਕਿਹੜੀ ਜਗ੍ਹਾ ਹੋ ਸਕਦੀ ਸੀ?

ਅੱਜ ਇਹ ਸਭ ਨਾਮ ਬੇਨਾਮ ਹੋ ਗਏ ਹਨ। ਉਨ੍ਹਾਂ ਦੇ ਨਾਂ ਯਾਦ ਕਰਨ ਦੀ ਇਹ ਨਾਮ-ਮਾਲਾ, ਗਜ਼ਧਰ ਤੋਂ ਲੈ ਕੇ ਰਾਮਨਾਮੀ ਤੱਕ ਦੀ ਨਾਮ-ਮਾਲਾ ਅਧੂਰੀ ਹੀ ਹੈ। ਸਭ ਥਾਂ ਤਾਲਾਬ ਬਣਦੇ ਸਨ, ਸਭਨੀਂ ਥਾਈਂ ਤਾਲਾਬ ਬਣਾਉਣ ਵਾਲੇ ਵੀ ਸਨ।

ਸੈਂਕੜੇ ਹਜ਼ਾਰਾਂ ਤਾਲਾਬ ਖ਼ਲਾਅ ਵਿੱਚੋਂ ਪ੍ਰਗਟ ਨਹੀਂ ਸਨ ਹੋਏ, ਪਰ ਉਨ੍ਹਾਂ ਨੂੰ ਬਣਾਉਣ ਵਾਲੇ ਲੋਕ ਅੱਜ ਹਾਸ਼ੀਏ 'ਤੇ ਸੁੱਟ ਦਿੱਤੇ ਗਏ ਹਨ।

54
ਅੱਜ ਵੀ ਖਰੇ ਹਨ
ਤਾਲਾਬ