ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨ੍ਹਾਂ ਵਿੱਚੋਂ ਨਿੱਕਲੀਆਂ ਨਹਿਰਾਂ ਉੱਤਰ-ਪ੍ਰਦੇਸ਼ ਸਿੰਜਾਈ ਵਿਭਾਗ ਦਾ ਮਾਣ ਵਧਾ ਰਹੀਆਂ ਹਨ।

ਪਾਣੀ ਦੀ ਤਸਕਰੀ? ਸਾਰਾ ਇੰਤਜ਼ਾਮ ਹੋ ਜਾਵੇ, ਪਰ ਜੇਕਰ ਪਾਣੀ ਦੀ ਤਸਕਰੀ ਨਾ ਰੋਕੀ ਜਾਵੇ ਤਾਂ ਚੰਗਾ-ਭਲਾ ਤਾਲਾਬ ਵੀ ਵੇਖਦੇ-ਵੇਖਦੇ ਸੁੱਕ ਜਾਂਦਾ ਹੈ। ਮੀਂਹ ਵਿੱਚ ਨੱਕੋ-ਨੱਕ ਭਰਿਆ, ਸਰਦੀ ਵਿੱਚ ਸਾਫ਼-ਸੁਥਰੇ ਨੀਲੇ ਰੰਗ ਵਿੱਚ ਡੁੱਬਿਆ, ਪੱਤਝੜ ਵਿੱਚ ਸ਼ੀਤਲ ਹੋਇਆ, ਬਸੰਤ ਵਿੱਚ ਝੂਮਿਆ ਅਤੇ ਫਿਰ ਗਰਮੀ ਵਿੱਚ ਤਪਦਾ ਸੂਰਜ ਤਾਲਾਬ ਦਾ ਸਾਰਾ ਪਾਣੀ ਖਿੱਚ ਲੈਂਦਾ ਹੈ। ਸ਼ਾਇਦ ਤਾਲਾਬ ਦੇ ਪ੍ਰਸੰਗ ਵਿੱਚ ਹੀ ਸੂਰਜ ਦਾ ਇੱਕ ਅਜੀਬ ਨਾਂ ‘ਅੰਬੁ ਤਸਕਰ’ ਰੱਖਿਆ ਗਿਆ ਹੈ। ਤਸਕਰ ਹੋਵੇ ਸੂਰਜ ਵਰਗਾ ਅਤੇ ਆਗਰ ਮਤਲਬ ਖ਼ਜ਼ਾਨਾ ਬਿਨਾਂ ਪਹਿਰੇ ਦੇ ਖੁੱਲ੍ਹਾ ਪਿਆ ਹੋਵੇ ਤਾਂ ਚੋਰੀ ਹੋਣ ਵਿੱਚ ਕੀ ਦੇਰ?

ਇਸ ਚੋਰੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਲਾਬ ਦੇ ਆਗਰ ਨੂੰ ਢਲਾਣਦਾਰ ਬਣਾ ਕੇ। ਜਦੋਂ ਪਾਣੀ ਘੱਟ ਹੋਣ ਲਗਦਾ ਹੈ ਤਾਂ ਇਸ ਨੂੰ ਜ਼ਿਆਦਾ ਖੇਤਰ ਵਿੱਚ ਫੈਲਣ ਤੋਂ ਰੋਕਿਆ ਜਾਂਦਾ ਹੈ। ਆਗਰ ਵਿੱਚ ਢਾਲ ਹੋਣ ਨਾਲ ਪਾਣੀ ਘੱਟ ਹੁੰਦੇ ਹੋਏ ਵੀ ਘੱਟ ਹਿੱਸੇ ਵਿੱਚ ਜ਼ਿਆਦਾ ਤਾਦਾਦ ਵਿੱਚ ਇਕੱਠਾ ਹੋਇਆ ਰਹਿੰਦਾ ਹੈ ਅਤੇ ਜਲਦੀ ਭਾਫ਼ ਬਣ ਕੇ ਉੱਡ ਨਹੀਂ ਸਕਦਾ। ਢਾਲਦਾਰ ਸਤਹ ਵਿੱਚ ਆਮ ਤੌਰ ਉੱਤੇ ਥੋੜ੍ਹੀ ਡੂੰਘਾਈ ਵੀ ਰੱਖੀ ਜਾਂਦੀ ਹੈ। ਇਹੋ ਜਿਹੇ ਡੂੰਘੇ ਟੋਏ ਨੂੰ ਅਖੜਾ ਜਾਂ ਪਿਆਲ ਕਹਿੰਦੇ ਹਨ। ਬੁੰਦੇਲਖੰਡ ਵਿੱਚ ਇਸਨੂੰ 'ਭਰ' ਕਹਿੰਦੇ ਹਨ। ਕਿਤੇ-ਕਿਤੇ ਇਸਨੂੰ ਬੰਡਾਰੌ ਜਾਂ ਗਰਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਹਿੱਸੇ ਦਾ ਸਥਾਨ ਮੁੱਖ ਘਾਟ ਵੱਲ ਰੱਖਿਆ ਜਾਂਦਾ ਹੈ ਜਾਂ ਤਾਲਾਬ ਦੇ ਵਿਚਕਾਰ। ਵਿਚਾਲਿਉਂ ਡੂੰਘਾ ਹੋਣ ਨਾਲ ਗਰਮੀ ਦੇ ਦਿਨਾਂ ਵਿੱਚ ਚਾਰੇ ਪਾਸੇ ਤੋਂ ਤਾਲਾਬ ਸੁੱਕਣ ਲਗਦਾ ਹੈ। ਇਸ ਸਮੇਂ ਪਾਣੀ ਘਾਟ ਛੱਡ ਦਿੰਦਾ ਹੈ। ਇਹ ਵਧੀਆ ਨਹੀਂ ਦਿਸਦਾ। ਇਸ ਲਈ ਮੁੱਖ ਘਾਟ ਵੱਲ ਪਿਆਲ ਰੱਖਣ ਦਾ ਰਿਵਾਜ ਜ਼ਿਆਦਾ ਰਿਹਾ ਹੈ। ਇਸ ਤਰ੍ਹਾਂ ਤਿੰਨ ਪਾਸਿਆਂ ਤੋਂ ਪਾਣੀ ਦੀ ਥੋੜ੍ਹੀ ਬਹੁਤ ਤਸਕਰੀ ਹੁੰਦੀ ਹੈ, ਪਰ ਚੌਥੀ ਬਾਹੀ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ।

ਗਰਮੀ ਦੀ ਰੁੱਤ ਬੀਤਦਿਆਂ ਹੀ ਬੱਦਲ ਮੁੜ ਘਿਰਨ ਲਗਦੇ ਹਨ। ਆਗੌਰ ਤੋਂ ਆਗਰ ਭਰਦਾ ਹੈ ਅਤੇ ਸਾਗਰ ਵਿੱਚ ਫੇਰ ਲਹਿਰਾਂ ਉੱਠਣ ਲੱਗ ਪੈਂਦੀਆਂ ਹਨ। ਸੂਰਜ ਪਾਣੀ ਚੋਰੀ ਕਰਦਾ ਹੈ ਅਤੇ ਸੂਰਜ ਹੀ ਪਾਣੀ ਦਿੰਦਾ ਵੀ ਹੈ।

66
ਅੱਜ ਵੀ ਖਰੇ ਹਨ
ਤਾਲਾਬ