ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਗਰ ਦੇ ਪਾਣੀ ਦੀ ਸਾਫ਼-ਸਫ਼ਾਈ ਅਤੇ ਸ਼ੁੱਧਤਾ ਦਾ ਖ਼ਿਆਲ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦਾ ਸੀ। ਨਵੇਂ ਤਾਲਾਬ ਵਿੱਚ ਜਿਸ ਦਿਨ ਵੀ ਪਾਣੀ ਭਰਦਾ, ਉਸੇ ਦਿਨ ਵਿਸ਼ੇਸ਼ ਸਮਾਗਮ ਕਰਕੇ ਉਸ ਵਿੱਚ ਜੀਵ-ਜੰਤੂ ਲਿਆ ਕੇ ਛੱਡ ਦਿੱਤੇ ਜਾਂਦੇ ਸਨ। ਮੱਛੀਆਂ, ਕੱਛੂ, ਕੇਕੜੇ ਤਾਂ ਛੱਡੇ ਹੀ ਜਾਂਦੇ ਸਨ, ਪਰ ਜੇਕਰ ਤਾਲਾਬ ਵੱਡਾ ਹੁੰਦਾ ਤਾਂ ਮਗਰਮੱਛ ਵੀ ਛੱਡ ਦਿੱਤੇ ਜਾਂਦੇ ਸਨ। ਕੁੱਝ ਥਾਵਾਂ 'ਤੇ ਜੀਵ-ਜੰਤੂਆਂ ਦੇ ਨਾਲ-ਨਾਲ ਸਮਰੱਥਾ ਦੇ ਅਨੁਸਾਰ ਸੋਨੇ-ਚਾਂਦੀ ਦੇ ਜੀਵ-ਜੰਤੂ ਵੀ ਛੱਡੇ ਜਾਂਦੇ ਸਨ। ਮੱਧ-ਪ੍ਰਦੇਸ਼ ਦੇ ਰਾਏਪੁਰ ਸ਼ਹਿਰ ਵਿੱਚ ਕੋਈ ਪੰਜਾਹ-ਪਚਵੰਜਾ ਵਰ੍ਹੇ ਪਹਿਲਾਂ ਸੋਨੇ ਦੀਆਂ ਨੱਥਾਂ ਪੁਆ ਕੇ ਕੱਛੂ ਛੱਡੇ ਗਏ ਸਨ।

ਪਹਿਲੇ ਸਾਲ ਪਾਣੀ ਵਿੱਚ ਕੁੱਝ ਖ਼ਾਸ ਕਿਸਮ ਦੀ ਵਨਸਪਤੀ ਵੀ ਪਾਈ ਜਾਂਦੀ ਸੀ। ਵੱਖ-ਵੱਖ ਖੇਤਰਾਂ ਵਿੱਚ ਇਨ੍ਹਾਂ ਦੀ ਕਿਸਮ ਬਦਲਦੀ ਸੀ, ਪਰ ਕੰਮ ਇੱਕੋ ਸੀ, ਪਾਣੀ ਨੂੰ ਸਾਫ਼ ਰੱਖਣਾ। ਮੱਧ-ਪ੍ਰਦੇਸ਼ ਵਿੱਚ ਜੇ ਇਹ ਗੁਦੀਆ ਜਾਂ ਚੀਲਾ ਸੀ ਤਾਂ ਰਾਜਸਥਾਨ ਵਿੱਚ ਕੁਮੁਦਨੀ, ਨਿਰਮਲੀ ਜਾਂ ਚਾਸ਼ੁਸ। ਚਾਸ਼ੁਸ਼ ਤੋਂ ਚਾਕਸੂ ਸ਼ਬਦ ਬਣਿਆ ਹੈ। ਕੋਈ ਅਜਿਹਾ ਦੌਰ ਵੀ ਆਇਆ ਹੋਵੇਗਾ ਜਦੋਂ ਤਾਲਾਬ ਦੀ ਸਾਫ਼-ਸਫ਼ਾਈ ਲਈ ਚਾਕਸੂ ਪੌਦੇ ਦੀ ਵਰਤੋਂ ਵਧ ਗਈ ਹੋਵੇਗੀ। ਅੱਜ ਜੈਪੁਰ ਦੇ ਕੋਲ ਇੱਕ ਵੱਡੇ ਕਸਬੇ ਦਾ ਨਾਂ ਚਾਕਸੂ ਹੈ। ਇਹ ਨਾਂ ਸ਼ਾਇਦ ਚਾਕਸੂ ਪੌਦੇ ਪ੍ਰਤੀ ਧੰਨਵਾਦ ਵਜੋਂ ਰੱਖਿਆ ਗਿਆ ਹੋਵੇਗਾ।

ਪਾਲ ਉੱਤੇ ਪਿੱਪਲ, ਬਰੋਟੇ ਅਤੇ ਗੂਲਰ ਦੇ ਦਰੱਖ਼ਤ ਲਾਏ ਜਾਂਦੇ ਰਹੇ ਹਨ। ਤਾਲਾਬ ਅਤੇ ਇਨ੍ਹਾਂ ਦਰੱਖ਼ਤਾਂ ਵਿਚਕਾਰ ਉਮਰ ਦੀ ਹਮੇਸ਼ਾ ਦੌੜ ਜਿਹੀ ਲੱਗੀ ਦਿਸਦੀ ਹੈ। ਕਿਹੜਾ ਜ਼ਿਆਦਾ ਟਿਕਦਾ ਹੈ। ਦਰੱਖ਼ਤ ਜਾਂ ਤਾਲਾਬ? ਪਰ ਇਸ ਪ੍ਰਸ਼ਨ ਦਾ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ। ਦੋਹਾਂ ਨੂੰ ਇੱਕ-ਦੂਜੇ ਦਾ ਸਾਥ ਇੰਨਾ ਚੰਗਾ ਲੱਗਾ ਹੈ ਕਿ ਅਣਦੇਖੀ ਦੇ ਇਸ ਦੌਰ ਵਿੱਚ ਜਿਹੜਾ ਵੀ ਪਹਿਲਾਂ ਗਿਆ, ਦੂਜਾ ਸੋਗ ਵਿੱਚ ਉਸਦੇ ਪਿੱਛੇ-ਪਿੱਛੇ ਚਲਾ ਗਿਆ। ਦਰੱਖ਼ਤ ਕੱਟੇ ਗਏ ਤਾਂ ਕੁੱਝ ਸਮੇਂ ਬਾਅਦ ਤਾਲਾਬ ਵੀ ਸੁੱਕ ਗਿਆ। ਜੇਕਰ ਪਹਿਲਾਂ ਤਾਲਾਬ ਸੁੱਕਿਆ ਤਾਂ ਦਰੱਖ਼ਤ ਵੀ ਵੈਰਾਗ ਗਏ।

ਤਾਲਾਬਾਂ ਉੱਤੇ ਅਕਸਰ ਅੰਬ ਵੀ ਖੂਬ ਲਾਇਆ ਜਾਂਦਾ ਸੀ, ਪਰ ਇਹ ਪਾਲ ਉੱਤੇ ਘੱਟ, ਹੇਠਲੀ ਜ਼ਮੀਨ ਦੇ ਥੱਲੇ ਜ਼ਿਆਦਾ ਲਾਇਆ ਜਾਂਦਾ ਹੈ। ਛੱਤੀਸਗੜ੍ਹ ਖੇਤਰ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਸ਼ੀਤਲਾ ਮਾਤਾ ਦਾ ਵਾਸ ਮੰਨਿਆ ਜਾਂਦਾ ਹੈ। ਇਸ ਲਈ ਅਜਿਹੇ ਤਾਲਾਬਾਂ ਦੀ ਪਾਲ ਉੱਤੇ ਨਿੰਮ ਦੇ ਦਰੱਖ਼ਤ ਜ਼ਰੂਰ ਲਾਏ ਜਾਂਦੇ ਸਨ। ਦਰੱਖ਼ਤ ਤੋਂ ਬਿਨਾਂ ਪਾਲ ਦੀ ਤੁਲਨਾ ਬਿਨਾਂ ਮੂਰਤੀ ਦੇ ਮੰਦਰ ਨਾਲ ਕੀਤੀ ਗਈ ਹੈ।

ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਪਾਲ ਉੱਤੇ ਅਰਹਰ ਦੇ ਦਰੱਖ਼ਤ ਵੀ ਲਾਏ ਜਾਂਦੇ ਸਨ। ਇਨ੍ਹਾਂ ਇਲਾਕਿਆਂ ਵਿੱਚ ਹੀ ਬਣੇ ਨਵੇਂ ਤਾਲਾਬ ਦੀ ਪਾਲ ਉੱਤੇ ਕੁੱਝ ਸਮੇਂ ਤੱਕ ਸਰੋਂ ਦੀ ਖਲ ਦਾ ਧੂੰਆਂ ਕੀਤਾ ਜਾਂਦਾ ਸੀ, ਤਾਂ ਜੋ ਨਵੀਂ ਬਣੀ ਪਾਲ ਵਿੱਚ ਚੂਹੇ ਖੁੱਡਾਂ ਬਣਾ ਕੇ ਉਸਨੂੰ ਕਮਜ਼ੋਰ ਨਾ ਕਰ ਦੇਣ।

68
ਅੱਜ ਵੀ ਖਰੇ ਹਨ
ਤਾਲਾਬ