ਸੌ ਸਾਲਾਂ ਤੋਂ ਘੇਰ ਕੇ ਖੜ੍ਹੇ ਅੱਠ ਸ਼ਾਨਦਾਰ ਤਾਲਾਬ ਸਾਂਭ-ਸੰਭਾਲ ਦਾ ਪ੍ਰਬੰਧ ਟੁੱਟ ਜਾਣ ਮਗਰੋਂ ਬੇਕਦਰੀ ਕਾਰਨ, ਟੁੱਟਣ ਲੱਗ ਪਏ ਸਨ। ਵੱਖ-ਵੱਖ ਪੀੜ੍ਹੀਆਂ ਨੇ ਇਨ੍ਹਾਂ ਨੂੰ ਅਲੱਗ-ਅਲੱਗ ਸਮੇਂ ਵਿੱਚ ਬਣਾਇਆ ਸੀ, ਪਰ ਅੱਠਾਂ ਵਿੱਚੋਂ ਛੇ ਇੱਕੋ ਲੜੀ ਵਿੱਚ ਬੰਨ੍ਹੇ ਗਏ ਸਨ। ਇਨ੍ਹਾਂ ਦੀ ਸਾਂਭ-ਸੰਭਾਲ ਦਾ ਕੰਮ ਵੀ ਇਨ੍ਹਾਂ ਪੀੜ੍ਹੀਆਂ ਨੇ ਇੱਕੋ ਲੜੀ ਵਿਚ ਪਰੋਇਆ ਹੋਵੇਗਾ। ਸਾਂਭ ਸੰਭਾਲ ਦੀ ਵਿਵਸਥਾ ਦੀ ਡੋਰ ਫੇਰ ਕਦੀ ਟੁੱਟ ਗਈ ਹੋਵੇਗੀ।
ਇਸ ਲੜੀ ਦੇ ਟੁੱਟਣ ਦੀ ਆਵਾਜ਼ ਗੈਂਗਜੀ ਦੇ ਕੰਨ ਵਿੱਚ ਕਦੋਂ ਪਈ, ਪਤਾ ਨਹੀਂ, ਪਰ ਅੱਜ ਜਿਹੜੇ ਬਜ਼ੁਰਗ ਫ਼ਲੌਦੀ ਸ਼ਹਿਰ ਵਿੱਚ ਮੌਜੂਦ ਹਨ, ਉਨ੍ਹਾਂ ਨੂੰ ਗੈਂਗਜੀ ਦਾ ਇੱਕੋ ਰੂਪ ਯਾਦ ਹੈ: ਟੁੱਟੀ ਚੱਪਲ ਪਾ ਕੇ ਗੈਂਗ ਜੀ ਸਵੇਰ ਤੋਂ ਸ਼ਾਮ ਤੱਕ ਇਨ੍ਹਾਂ ਤਾਲਾਬਾਂ ਦਾ ਚੱਕਰ ਲਾਉਂਦੇ ਸਨ। ਨਹਾਉਣ ਵਾਲੇ ਘਾਟਾਂ ਤੇ, ਪੀਣ ਵਾਲੇ ਪਾਣੀ ਦੇ ਘਾਟ ’ਤੇ ਕੋਈ ਗੰਦਗੀ ਸੁੱਟਦਾ ਦਿਸਦਾ ਤਾਂ ਬਾਪੂ ਜੀ ਜਾਂ ਪਿਓ ਵਾਂਗ ਝਿੜਕਦੇ ਸਨ। ਕਦੀ ਉਹ ਪਾਲ ਜਾਂ ਨੇਸ਼ਟਾ ਦਾ ਨਿਰੀਖਣ ਕਰਦੇ। ਕਿੱਥੇ ਕਿਸੇ ਤਾਲਾਬ ਨੂੰ ਕਿਹੋ ਜਿਹੀ ਮੁਰੰਮਤ ਲੋੜੀਂਦੀ ਸੀ, ਉਸਦੀ ਸੂਚੀ ਮਨੋ-ਮਨ ਬਣਾਉਂਦੇ ਸਨ। ਇਨ੍ਹਾਂ ਤਾਲਾਬਾਂ ਉੱਤੇ ਖੇਡਣ ਆਉਣ ਵਾਲੇ ਬੱਚਿਆਂ ਨਾਲ ਖ਼ੁਦ ਖੇਡਦੇ ਅਤੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਸਿਖਾਉਂਦੇ। ਸ਼ਹਿਰ ਨੂੰ ਤਿੰਨ ਪਾਸੇ ਤੋਂ ਘੇਰੀ ਖੜ੍ਹੇ ਤਾਲਾਬਾਂ ਦਾ ਇੱਕ ਚੱਕਰ ਲਾਉਣ ਵਿੱਚ ਕੋਈ ਤਿੰਨ ਘੰਟੇ ਲਗਦੇ ਸਨ। ਗੈਂਗਜੀ ਕਦੀ ਪਹਿਲੇ ਤਾਲਾਬ ਉੱਤੇ ਦਿਸਦੇ ਕਦੀ ਆਖ਼ਰੀ ਤਾਲਾਬ ਉੱਤੇ, ਕਦੇ ਸਵੇਰੇ ਇੱਥੇ ਦਿਸਦੇ ਤਾਂ ਦੁਪਹਿਰ ਨੂੰ ਉੱਥੇ ਤੇ ਸ਼ਾਮ ਨੂੰ ਪਤਾ ਨਹੀਂ ਕਿੱਥੇ। ਗੈਂਗਜੀ ਆਪਣੇ-ਆਪ ਹੀ ਤਾਲਾਬ ਦੇ ਰਖਵਾਲੇ ਬਣ ਗਏ ਸਨ।
ਸਾਲ ਦੇ ਅਖੀਰ ਵਿੱਚ ਇੱਕ ਸਮਾਂ ਅਜਿਹਾ ਆਉਂਦਾ, ਜਦੋਂ ਗੈਂਗਜੀ ਤਾਲਾਬਾਂ ਦੀ ਥਾਂ ਸ਼ਹਿਰ ਦੀ ਗਲੀ-ਗਲੀ ਘੁੰਮਦੇ ਫਿਰਦੇ। ਉਨ੍ਹਾਂ ਦੇ ਨਾਲ-ਨਾਲ ਚਲਦੀ ਬੱਚਿਆਂ ਦੀ ਫ਼ੌਜ। ਹਰੇਕ ਘਰ ਦਾ ਦਰਵਾਜ਼ਾ ਖੁੱਲ੍ਹਣ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਰੁਪਿਆ ਮਿਲ ਜਾਂਦਾ। ਵਰ੍ਹਿਆਂ ਤੋਂ ਹਰੇਕ ਘਰ ਜਾਣਦਾ ਸੀ ਕਿ ਗੈਂਗਜੀ ਸਿਰਫ਼ ਇੱਕ ਰੁਪਿਆ ਹੀ ਮੰਗਦੇ ਹਨ, ਨਾ ਘੱਟ ਨਾ ਵੱਧ। ਰੁਪਏ ਇਕੱਠੇ ਹੋਣ ਮਗਰੋਂ ਗੈਂਗਜੀ ਸਾਰੇ ਸ਼ਹਿਰ ਦੇ ਬੱਚਿਆਂ ਨੂੰ ਇਕੱਠਾ ਕਰਦੇ। ਬੱਚਿਆਂ ਨਾਲ ਢੇਰ ਸਾਰੀਆਂ ਟੋਕਰੀਆਂ, ਤਸਲੇ, ਕਹੀਆਂ, ਫਹੁੜੇ ਵੀ ਜਮ੍ਹਾਂ ਹੋ ਜਾਂਦੇ। ਫੇਰ ਇੱਕ ਤੋਂ ਬਾਅਦ ਇੱਕ ਤਾਲਾਬ ਸਾਫ਼ ਹੋਣ ਲਗਦਾ। ਗਾਰਾ ਕੱਢ ਕੇ ਵੱਟ ਪੱਕੀ ਕੀਤੀ ਜਾਂਦੀ। ਹਰੇਕ ਤਾਲਾਬ ਦੇ ਨੇਸ਼ਟਾ (ਨਿਕਾਸੀ) ਦਾ ਕੂੜਾ ਵੀ ਇਸੇ ਤਰ੍ਹਾਂ ਸਾਫ਼ ਕੀਤਾ ਜਾਂਦਾ। ਇੱਕ ਤਸਲਾ ਮਿੱਟੀ ਦੇ ਬਦਲੇ ਹਰੇਕ ਬੱਚੇ ਨੂੰ ਦੁਆਨੀ ਇਨਾਮ ਵਜੋਂ ਮਿਲਦੀ।
ਗੈਂਗਜੀ ਕੱਲਾ ਕਦੋਂ ਤੋਂ ਇਹ ਕੰਮ ਕਰ ਰਹੇ ਸਨ--ਅੱਜ ਇਹ ਕਿਸੇ ਨੂੰ ਯਾਦ ਨਹੀਂ, ਬੱਸ ਇੰਨਾ ਪਤਾ ਹੈ ਕਿ ਇਹ ਕੰਮ ਸੰਨ 1955-56 ਤੱਕ ਚਲਦਾ ਰਿਹਾ। ਫੇਰ ਗੈਂਗਜੀ ਚਲੇ ਗਏ।
73
ਅੱਜ ਵੀ ਖਰੇ ਹਨ
ਤਾਲਾਬ