ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜੇ ਦੀ ਪਰਜਾ

ਕਬੂਤਰ ਕਬੂਤਰ ਕਬੂਤਰ। ਜਿਧਰ ਦੇਖੋ ਓਹੀ ਨਜ਼ਰ ਆ ਰਹੇ ਹਨ।

ਇਕ ਵੱਡਾ ਸਾਰਾ ਥੜ੍ਹਾ। ਥੜ੍ਹੇ ਦੇ ਨਾਲ ਹੀ ਪਾਣੀ ਦਾ ਤਲਾਅ ਜਿਸ ਵਿਚ ਵਿਚਾਲੇ ਇਕ ਉੱਚਾ ਚਬੂਤਰਾ ਸੀ। ਚਬੂਤਰੇ ਉੱਪਰ ਘੋੜਾ ਅਤੇ ਘੋੜੇ ਉੱਪਰ ਰਾਜਾ। ਉਸ ਦੇ ਸਿਰ ਲੱਗੀ ਕਲਗੀ ਹਵਾ ਦੇ ਬੁੱਲ੍ਹੇ ਨਾਲ ਹਿੱਲਦੀ ਲਗਦੀ। ਰਾਜੇ ਦੇ ਖੱਬੇ ਹੱਥ ਘੋੜੇ ਦੀ ਲਗਾਮ ਸੀ ਤਾਂ ਸੱਜੇ ਹੱਥ ਵਿਚ ਨੰਗੀ ਤਲਵਾਰ।

ਦੂਰੋਂ ਦੇਖਿਆਂ ਘੋੜਾ ਹਵਾ ਉੱਪਰ ਤੁਰਦਾ ਹੋਇਆ ਲਗਦਾ।

ਜੇ ਰਾਜਾ ਹਵਾ ਵਿਚ ਸੀ ਤਾਂ ਉਸ ਦੀਆਂ ਨਜ਼ਰਾਂ ਥੱਲੇ ਕਬੂਤਰ ਸਨ। ਲੱਗਦਾ ਸੀ ਜਿਵੇਂ ਉਸ ਦੇ ਰਾਜ ਦੀ ਪਰਜਾ ਉਸ ਦੇ ਸਾਹਮਣੇ ਜੀ-ਵਸ ਰਹੀ ਹੈ।

ਅਨੇਕ ਚੁੰਝਾਂ ਪੱਥਰ ਦੇ ਫਰਸ਼ ਉੱਪਰ ਪਏ ਦਾਣਿਆਂ ਵਲ ਜਦ ਵੱਧਦੀਆਂ ਤਾਂ ਪੱਥਰ ਅਤੇ ਚੁੰਝ ਵਿਚਾਲੇ ਟੱਕਰ ਦੀ ਆਵਾਜ਼ ਲਹਿਰ ਫ਼ੈਲ ਜਾਂਦੀ।

ਕਿਸੇ ਦਾਣੇ ਤਕ ਪਹੁੰਚਣ ਲਈ ਭਰੀ ਉਡਾਨ ਵਾਸਤੇ ਉਹਨਾਂ ਦੇ ਪਰ ਨਿਰੰਤਰ ਖੁੱਲ੍ਹਦੇ ਅਤੇ ਬੰਦ ਹੁੰਦੇ ਰਹਿੰਦੇ। ਇਕ ਦੂਜੇ ਨਾਲ ਖਹਿ ਕੇ ਅੱਗੇ ਵਧਣ ਦੇ ਮੁਕਾਬਲੇ ਦਾ ਕਦੇ ਅੰਤ ਨਾ ਹੁੰਦਾ। ਮਿਲੇ ਜੁਲੇ ਇਹਨਾਂ ਕਾਰਜਾਂ ਦੀ ਲੈਆਤਮਕ ਆਵਾਜ਼ ਵੀ ਦੂਰ ਤਕ ਸੁਣੀ ਜਾ ਸਕਦੀ ਸੀ।

ਝੁੰਡ ਵਿਚ ਕਿੰਨੇ ਕਬੂਤਰ ਹਨ, ਕਿਸੇ ਰਾਜ ਵਿਚ ਕਿੰਨੇ ਲੋਕ ਰਹਿੰਦੇ ਹਨ, ਕਦੋਂ ਗਿਣ ਹੋਏ ਹਨ।

ਜੇ ਕੁਝ ਆਪਣੀ ਚੁੰਝ ਡੋਬ ਪਾਣੀ ਪੀ ਰਹੇ ਸਨ ਤਾਂ ਕੁਝ ਪਾਣੀ ਵਿਚ ਨਹਾ ਰਹੇ ਸਨ। ਕੁਝ ਆਸ-ਪਾਸ ਦੀਆਂ ਇਮਾਰਤਾਂ ਦੇ ਛੋਟੇ-ਵੱਡੇ ਵਾਧਰਿਆਂ 'ਤੇ ਬੈਠੇ ਉਂਘਲਾਉਣ ਜਾਂ ਨਿੱਕੇ-ਨਿੱਕੇ ਚੁਹਲ ਕਰਨ ਵਿਚ ਲੀਨ ਸਨ।

ਗੰਜਾ ਕਬੂਤਰ ਜ਼ਿਆਦਾ ਆਵਾਜ਼ ਕਰ-ਕਰ ਦੂਜਿਆਂ ਨੂੰ ਆਪਣੀ ਹਾਜ਼ਰੀ ਬਾਰੇ ਦੱਸ ਰਿਹਾ ਸੀ, "ਚੁੱਪ ਰਹੋ... ਕਿਉਂ ਉੱਚੀ-ਉੱਚੀ ਗੁਟਰ ਗੂੰ ਲਾਈ ਹੋਈ ਏ..."