ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

12

ਅੱਧੀ ਚੁੰਝ ਵਾਲੀ ਚਿੜੀ

ਉਸ ਦੇ ਬੋਲਾਂ ਦਾ ਕਿਸੇ ਉੱਪਰ ਕੋਈ ਅਸਰ ਨਾ ਹੋਇਆ। ਹਰੇਕ ਨੂੰ ਅੱਗੇ ਵਧ ਕੇ ਦਾਣਾ ਚੁਗਣ ਦੀ ਕਾਹਲ ਸੀ।

ਰੀਜੇ ਕਬੂਤਰ ਵਾਂਗ ਕੋਈ ਦੂਜਾ ਵੀ ਬੋਲ ਪੈਂਦਾ। ਉਹ ਵੀ ਚੁੱਪ ਰਹਿਣ ਦੀ ਹਦਾਇਤ ਕਰਦਿਆਂ ਦੋ-ਚਾਰ ਸ਼ਬਦ ਆਪਣੇ ਵਲੋਂ ਵੱਖਰੇ ਜੋੜ ਦਿੰਦਾ।

ਭੀੜ ਤਾਂ ਆਪਣੀ ਮਰਜ਼ੀ ਕਰਦੀ ਹੈ। ਉਹ ਕਿਸੇ ਦੀ ਗੱਲ ਨਹੀਂ ਸੁਣਦੀ।

ਦਾਣਾ ਚੁਗਦਿਆਂ-ਚੁਗਦਿਆਂ ਦਲ ਵਿਚ ਜਦ ਕੋਈ ਲੋਰ ਉਠਦੀ ਤਾਂ ਇਕ ਬੁੱਲ੍ਹੇ ਵਾਂਗ ਇਕ ਬਾਅਦ ਦੂਜਾ ਕਬੂਤਰ ਉੱਡਦਾ। ਪਲ-ਛਿਣ ਵਿਚ ਅਣਗਿਣਤ ਕਬੂਤਰਾਂ ਦਾ ਝੁੰਡ ਆਕਾਸ਼ ਵਿਚ ਘੁਮੇਰ ਲੈਣ ਲਗਦਾ।

ਇਹ ਪਰਿੰਦਿਆਂ ਦੀ ਉੱਡਦੀ ਬੱਦਲੀ ਜਿਹੀ ਲੱਗਦੀ। ਹਲਕੀ-ਮਿੱਠੀ ਧੁੱਪ ਵਿਚ ਉੱਡਦੇ ਕਬੂਤਰਾਂ ਦਾ ਪਰਛਾਵਾਂ ਇੰਜ ਲੱਗਦਾ ਜਿਵੇਂ ਧਰਤੀ 'ਤੇ ਕੋਈ ਅੱਖਰ ਲਿਖ ਰਿਹਾ ਹੋਵੇ।

ਕੁਝ ਸਮੇਂ ਬਾਅਦ ਜਦ ਕੋਈ ਪਹਿਲ ਕਰ ਕੇ ਥੱਲੇ ਉੱਤਰਦਾ ਤਾਂ ਸਾਰਾ ਝੁੰਡ ਉਸ ਦੀ ਨਕਲ ਕਰਦਾ ਹੋਇਆ ਜ਼ਮੀਨ 'ਤੇ ਆ ਟਿਕਦਾ ਅਤੇ ਚੋਗ ਚੁਗਣ ਵਿਚ ਰੁੱਝ ਜਾਂਦਾ।

ਬਜ਼ੁਰਗ ਕਬੂਤਰ ਨੇ ਇਕ ਵਾਰ ਜੋ ਕਿਹਾ ਉਹਦੇ ਵੱਲ ਤਾਂ ਕਿਸੇ ਦਾ ਕਦੇ ਧਿਆਨ ਗਿਆ ਹੀ ਨਹੀਂ ਸੀ। ਉਹਦੀ ਆਵਾਜ਼ ਵਿਚ ਗੁੱਸਾ ਸੀ, ਹਦਾਇਤ ਸੀ, ਤਰਲਾ ਸੀ, "ਤੁਸੀਂ ਕਿਸੇ ਦੀ ਨਹੀਂ ਸੁਣਦੇ। ਤੁਸੀਂ ਜੋ ਕਰ ਰਹੇ ਹੋ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ...."

ਗੱਲ ਨੂੰ ਵਿਚੋਂ ਟੋਕਦਿਆਂ ਕੋਈ ਬੋਲਿਆ, "ਅਸੀਂ ਕੀ ਕੀਤਾ.... ?"

ਇਕ ਹੋਰ ਜਣਾ ਬੋਲਿਆ, "ਸਾਨੂੰ ਖਾਣ, ਖੇਡਣ, ਉੱਡਣ ਤੋਂ ਹੀ ਵਿਹਲ ਨਹੀਂ ਮਿਲਦੀ। ਕੁਝ ਹੋਰ ਕਰਨ ਦਾ ਸਾਡੇ ਕੋਲ ਸਮਾਂ ਕਿੱਥੇ ਬਚਦਾ ਹੈ..."

ਆਪਣੀ ਗਰਦਨ ਨੂੰ ਕੋਸੀ ਧੁੱਪ ਵਿਚ ਲਿਸ਼ਕਾਉਂਦਾ ਕੋਈ ਪੇਟੂ ਕਹਿੰਦਾ, "ਖਾਣ ਨੂੰ ਦਾਣੇ ਨਹੀਂ ਲੱਭਦੇ ਇਸ ਭੀੜ ਵਿਚ। ਇਸ ਬੁੱਢੇ ਨੂੰ ਗੱਲਾਂ ਸੁੱਝ ਰਹੀਆਂ ਹਨ।"

ਜਦ ਇਹ ਪੇਟੂ ਬੋਲ ਰਿਹਾ ਸੀ ਤਾਂ ਕਿਸੇ ਨੇ ਉਸ ਦੀਆਂ ਲੱਤਾਂ ਵਿਚੋਂ ਦੀ ਆਪਣਾ ਸਿਰ ਲੰਘਾ ਉਸ ਕੋਲ ਪਏ ਬਾਜਰੇ ਦੇ ਦਾਣੇ ਨੂੰ ਆਪਣੀ ਚੁੰਝ ਵਿਚ ਅੜਾ ਲਿਆ।

ਪੇਟੂ ਨੇ ਮਨ ਹੀ ਮਨ ਸੋਚਿਆ ਕਿ ਦੂਸਰੇ ਦੀ ਗੱਲ ਵੱਲ ਧਿਆਨ ਦੇਣ ਨਾਲ ਮੂੰਹ ਪੈਂਦਾ-ਪੈਂਦਾ ਦਾਣਾ ਵੀ ਗਿਆ।

ਇਹ ਘੁਸਰ-ਮੁਸਰ ਇਕ ਪਾਸਿਓਂ ਸ਼ੁਰੂ ਹੋ ਕੇ ਦੂਜੇ ਪਾਸੇ ਵਲ ਵਧੀ ਜਾ ਰਹੀ ਸੀ।