ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜੇ ਦੀ ਪਰਜਾ

13

ਆਪਣੇ ਵਕਤ ਤੋਂ ਪਹਿਲਾਂ ਹੀ ਹਰ ਕੋਈ ਕੁਝ ਨਾ ਕੁਝ ਬੋਲਣਾ ਚਾਹੁੰਦਾ ਸੀ।

ਕਿਸੇ ਦੀ ਪਰਵਾਹ ਕੀਤੇ ਬਿਨਾਂ ਬੁੱਢਾ ਕਬੂਤਰ ਮੁੜ ਬੋਲਿਆ, 'ਦੇਖੋ, ਉਸ ਰਾਜੇ ਵੱਲ। ਉਹ ਕੁਛ ਕਹਿਣਾ ਚਾਹੁੰਦਾ ਹੈ...."

"ਕੀ ਕਹਿ ਰਿਹਾ ਏ... ਸਾਨੂੰ ਤਾਂ ਨਹੀਂ ਸੁਣਿਆ, "ਕੋਲੋਂ ਹੀ ਕਿਸੇ ਕਬੂਤਰ ਦੇ ਬੋਲ ਸਨ।

"ਉਹ ਨਹੀਂ ਚਾਹੁੰਦਾ ਅਸੀਂ ਉਸ ਸਾਹਮਣੇ ਖਰੂਦ ਕਰੀਏ।"

"ਖਰੂਦ, ਅਸੀਂ ਉਹਦੇ ਵੱਲ ਤਾਂ ਅੱਖ ਚੁੱਕ ਕੇ ਵੇਖਿਆ ਤਕ ਨਹੀਂ..."

"ਉਹ ਵੀ ਕਰ ਲਓ। ਫੇਰ ਦੇਖਿਉ ਆਪਣੀ ਹਾਲਤ। ਮੈਂ ਰਾਜੇ ਦੀਆਂ ਹਰਕਤਾਂ ਨੂੰ ਚਿਰ ਤੋਂ ਦੇਖ ਰਿਹਾ ਹਾਂ। ਉਹਦੇ ਵਿਚ ਬਦਲਾਅ ਆ ਰਿਹਾ ਹੈ...।"

"ਫੇਰ ਅਸੀਂ ਕੀ ਕਰੀਏ!"

"ਰਾਜੇ ਦਾ ਚਿਹਰਾ ਗੁੱਸੇ ਨਾਲ ਭਰਦਾ ਜਾ ਰਿਹਾ ਏ। ਉਹ ਦੇਖੋ। ਉਹ ਕਿਸੇ ਵੇਲੇ ਵੀ ਆਪਣੀ ਤਲਵਾਰ ਮਿਆਨੋਂ ਕੱਢ ਸਾਡੇ 'ਤੇ ਵਾਰ ਕਰ ਸਕਦਾ ਹੈ..…", ਬੁੱਢਾ ਪੂਰੇ ਜ਼ੋਰ ਨਾਲ ਬੋਲ ਰਿਹਾ ਸੀ। ਉਹਦੇ ਬੋਲਾਂ 'ਚੋਂ ਤਰਫ਼ਦਾਰੀ ਦੀ ਬੋ ਆ ਰਹੀ ਸੀ।

"ਵਾਰ ਕਰ ਦੇਵੇਗਾ। ਕਿਉਂ? ਅਸੀਂ ਕੀ ਵਿਗਾੜਿਆ ਉਹਦਾ?", ਨੌਜਵਾਨ ਕਬੂਤਰ ਨੇ ਆਪਣੇ ਪਰਾਂ ਨੂੰ ਫ਼ੈਲਾਉਂਦਿਆਂ ਕਿਹਾ।

"ਰਾਜੇ ਨੂੰ ਤੁਹਾਡੀਆਂ ਹਰਕਤਾਂ ਪਸੰਦ ਨਹੀਂ। ਲਗਦੈ ਉਸ ਦੇ ਸਬਰ ਦਾ ਪਿਆਰਾ ਭਰ ਗਿਆ ਹੈ। ਨਿੱਤ ਉਸ ਦੀ ਤਲਵਾਰ ਮਿਆਨੋਂ ਬਾਹਰ ਆ ਰਹੀ ਹੈ..."

ਨੌਜਵਾਨ ਨੇ ਆਪਣੇ ਪੈਰਾਂ ਨੂੰ ਜ਼ਮੀਨ 'ਤੇ ਚੰਗੀ ਤਰ੍ਹਾਂ ਟਿਕਾਉਂਦਿਆਂ ਅਤੇ ਧੌਣ ਨੂੰ ਉੱਚਾ ਕਰਦਿਆਂ ਕਿਹਾ, "ਹਰਕਤਾਂ? ਅਸੀਂ ਆਪਣੇ ਢੰਗ ਨਾਲ ਜੀਅ ਰਹੇ ਹਾਂ। ਅਸੀਂ ਫੇਰ ਵੀ ਉਸ ਦੀਆਂ ਅੱਖਾਂ ਦੀ ਰੜਕ ਬਣੇ ਹੋਏ ਹਾਂ...। ਕਿਉਂ?"

"ਕਿਉਂਕਿ ਤੁਸੀਂ ਉਸ ਦੀ ਇੱਜ਼ਤ ਨਹੀਂ ਕਰਦੇ। ਕੋਈ ਉਸ ਦੇ ਸਿੰਘਾਸਨ 'ਤੇ ਜਾ ਬੈਠਦਾ ਹੈ। ਕੋਈ ਮੋਢੇ ਚੜ੍ਹ ਬੈਠਦਾ ਹੈ ਤੇ ਕੋਈ ਸਿਰ ਤੇ..."

ਇਹਦੇ ਨਾਲ ਕੀ ਹੋ ਜਾਂਦਾ ਹੈ? ਜੇ ਉਹ ਸਾਡਾ ਹੈ ਤਾਂ ਅਸੀਂ ਵੀ ਤਾਂ ਉਸ ਦੇ ਕੁਛ ਹਾਂ", ਨੌਜਵਾਨ ਦੀਆਂ ਗੱਲਾਂ ਨੇ ਕਬੂਤਰਾਂ ਦੀ ਤਦਾਦ ਨੂੰ ਦੋ ਧਿਰਾਂ ਵਿਚ ਵੰਡਣਾ ਸ਼ੁਰੂ ਕਰ ਦਿੱਤਾ। ਕਈ ਬੁੱਢੇ ਕਬੂਤਰ ਦੇ ਹੱਥ ਵਿਚ ਖੜ੍ਹ ਗਏ ਅਤੇ ਕਈ ਨੌਜਵਾਨ ਕਬੂਤਰ ਦੀ ਗੱਲ ਨੂੰ ਸਹੀ ਮੰਨਣ ਲੱਗੇ।